ਕ।
ਅਮ੍ਰਿਤਸਰ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਦੀ ਬੇਕਾਬੂ ਹੋ ਰਹੀ ਅਮਨ ਕਾਨੂੰਨ ਦੀ ਸਥਿਤੀ ‘ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਨਅਤੀ ਨਿਵੇਸ਼ ਵਧਾਉਣ ਲਈ ਅਗਲੇ ਦਿਨਾਂ ਨੂੰ ਮੋਹਾਲੀ ਵਿਖੇ ਕਰਾਏ ਜਾ ਰਹੇ ਇਨਵੈਸਟਮੈਂਟ ਪੰਜਾਬ ਸੰਮੇਲਨ ‘ਤੇ ਸਵਾਲੀਆ ਨਿਸ਼ਾਨ ਲੱਗਾ ਦਿੱਤਾ ਹੈ।
ਉਹਨਾਂ ਕਿਹਾ ਕਿ ਰਾਜ ਦਾ ਮੌਜੂਦਾ ਮਾਹੌਲ ਨੂੰ ਸਨਅਤੀ ਨਿਵੇਸ਼ ਲਈ ਅਨੁਕੂਲ ਨਹੀਂ ਹੈ। ਸੂਬੇ ਵਿਚ ਸਨਅਤੀ ਨਿਵੇਸ਼ ਕਰਵਾਉਣਾ ਹੈ ਤੇ ਇਸ ਲਈ ਪਹਿਲਾਂ ਮਾਹੌਲ ਸੁਖਾਵਾਂ ਹੋਣਾ ਜ਼ਰੂਰੀ ਹੈ । ਉਹਨਾਂ ਕਿਹਾ ਕਿ ਪੰਜਾਬ ਵਿਚ ਅਪਰਾਧ ਦੇ ਲਗਾਤਾਰ ਤੇਜ਼ੀ ਨਾਲ ਵਧਣ ‘ਤੇ ਸਨਅਤੀ ਖੇਤਰਾਂ ਵੱਲੋਂ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਸੂਬਾ ਸਰਕਾਰ ਵਲੋਂ ਮਾਹੌਲ ਸੁਖਾਵਾਂ ਹੋਣ ਦੀ ਵਾਰ-ਵਾਰ ਗੱਲ ਕਰਨ ‘ਤੇ ਵੀ ਸਨਅਤਕਾਰ ਵਰਗ ਭਰੋਸਾ ਕਰਨ ਲਈ ਤਿਆਰ ਨਹੀਂ ਹੈ । ਉਹਨਾਂ ਕੁਝ ਦਿਨ ਪਹਿਲਾਂ ਹੀ ਨਕੋਦਰ ਵਿਚ ਇਕ ਕਾਰੋਬਾਰੀ ਨੂੰ ਫਿਰੌਤੀ ਲਈ ਗੋਲੀ ਮਾਰਨ ਅਤੇ ਸਨਅਤਕਾਰਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਦੇ ਫ਼ੋਨ ਆਉਣ ਦਾ ਮਸਲਾ ਉਠਾਇਆ। ਅਰਾਜਗ ਮਾਹੌਲ ਕਾਰਣ ਪੰਜਾਬ ਦੀਆਂ ਕਈ ਸਨਅਤੀ ਇਕਾਈਆਂ ਉੱਤਰ ਪ੍ਰਦੇਸ਼ ਵੱਲ ਰੁਖ ਕਰ ਰਹੀਆਂ ਹਨ । ਹਾਲਾਤ ਨੂੰ ਨਾ ਸੰਭਾਲਿਆ ਤਾਂ ਇਹ ਪੰਜਾਬ ਦੀ ਅਰਥ -ਵਿਵਸਥਾ ਲਈ ਬਹੁਤ ਨੁਕਸਾਨਦਾਇਕ ਹੋਵੇਗਾ ।
ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਸੂਬੇ ਵਿਚ ਗੈਂਗਸਟਰਾਂ ਦੀ ਦਹਿਸ਼ਤ, ਲੁੱਟਾਂ-ਖੋਹਾਂ ਬੈਂਕ-ਡਕੈਤੀਆਂ, ਹੱਤਿਆਵਾਂ, ਗ਼ੈਰ-ਕਾਨੂੰਨੀ ਹਥਿਆਰਾਂ ਦੀ ਬਰਾਮਦਗੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ। ਹਾਲਹੀ ‘ਚ ਅੰਮ੍ਰਿਤਸਰ ਵਿਚ ਵਾਪਰੀਆਂ ਬੈਂਕ-ਡਕੈਤੀ ਦੀ ਖ਼ੌਫ਼ਨਾਕ ਘਟਨਾਵਾਂ ਅਤੇ ਜੇਲ੍ਹਾਂ ਵਿਚ ਬੰਦ ਅਪਰਾਧੀਆਂ ਅਤੇ ਗੈਂਗਸਟਰਾਂ ਵਲੋਂ ਸੁਪਾਰੀ ਲੈ ਕੇ ਦੁਜਿਆਂ ਰਾਹੀ ਹੱਤਿਆਵਾਂ ਦਾ ਕੀਤਾ ਜਾਣਾ ਕਨੂੰਨ ਵਿਵਸਥਾ ਦਾ ਪਰਦਾਫਾਸ਼ ਕਰ ਰਿਹਾ ਹੈ। ਸੂਬੇ ਵਿਚ ਨਸ਼ਿਆਂ ਦੇ ਸੌਦਾਗਰ ਤਸਕਰਾਂ, ਅਪਰਾਧਕ ਅਨਸਰਾਂ, ਗੈਂਗਸਟਰਾਂ ਅਤੇ ਮੁਨਾਫੇ ਲਈ ਸਿਆਸਤ ਨਾਲ ਜੁੜੇ ਲੋਕਾਂ ਦਾ ਗਠਜੋੜ ਸਰਕਾਰ ‘ਤੇ ਇਸ ਕਦਰ ਭਾਰੂ ਪੈਰਿਹਾ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਨੂੰ ਨਸ਼ਾ ਤਸਕਰੀ ਕਰਨ ਵਾਲੇ ਅਪਰਾਧੀਆਂ ਨੂੰ ਲੈ ਕੇ ਵਧ ਰਹੀ ਹੁਕਮ ਅਦੂਲੀ ਦੀ ਭਾਵਨਾ ਲਈ ਸੂਬਾ ਸਰਕਾਰ ਨੂੰ ਝਾੜਾਂ ਪਾਉਣੀਆਂ ਪਈਆਂ । ਕਰਾਈਮ, ਗੈਂਗਸਟਰਾਂ ਅਤੇ ਮਾਇਨਿੰਗ ਮਾਫੀਆ ‘ਤੇ ਨਕੇਲ ਪਾਉਣ ਵਿਚ ਸੂਬਾ ਸਰਕਾਰ ਦੀ ਅਸਫਲਤਾ ਨੇ ਅਪਰਾਧੀਆਂ ਦੇ ਹੌਂਸਲੇ ਇਨੇ ਵਧਾ ਦਿਤੇ ਹਨ ਕਿ ਉਹ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕਰ ਰਹੇ ਕਿਸਾਨ ਯੂਨੀਅਨ ਦੇ ਮੈਂਬਰ ਨੂੰ ਵੀ ਟਰੈਕਟਰ ਹੇਠ ਕੁਚਲ ਕੇ ਮਾਰ ਦੇਣ ਦਾ ਹਿੰਮਤ ਰੱਖਦੇ ਹਨ। ਸਪਸ਼ਟ ਹੈ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਠੀਕ ਨਹੀਂ ਹੈ।ਇਸ ਨੂੰ ਦੇਖ ਕੇ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁਕਿਆ ਹੈ।