WHO warns coronavirus: ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਨੂੰ ਕੋਰੋਨਾ ਦੀ ਲਾਗ ਬਾਰੇ ਚੇਤਾਵਨੀ ਦਿੱਤੀ ਹੈ । WHO ਅਨੁਸਾਰ ਇਹ ਵਾਇਰਸ ਲੰਬੇ ਸਮੇਂ ਤੱਕ ਸਾਡੇ ਵਿਚਕਾਰ ਰਹੇਗਾ । ਇਸ ਲਈ ਕੋਈ ਗਲਤੀ ਨਾ ਕਰੋ ਅਤੇ ਸੁਚੇਤ ਰਹੋ । ਬਹੁਤ ਸਾਰੇ ਦੇਸ਼ ਇਸ ਨਾਲ ਲੜਨ ਦੇ ਮੁੱਢਲੇ ਪੜਾਅ ਵਿੱਚ ਹਨ । ਇਸ ਸਬੰਧੀ WHO ਦੇ ਮੁਖੀ ਡਾ. ਟੇਡਰੋਸ ਅਡਾਨੋਮ ਗੈਬਰੇਸ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਕੋਰੋਨਾ ‘ਤੇ ਕਾਬੂ ਪਾ ਲਿਆ ਹੈ, ਉੱਥੇ ਮਾਮਲੇ ਵੱਧ ਰਹੇ ਹਨ । ਉਨ੍ਹਾਂ ਕਿਹਾ ਕਿ ਅਫਰੀਕਾ ਅਤੇ ਅਮਰੀਕਾ ਵਿੱਚ ਲਾਗ ਦੇ ਵੱਧ ਰਹੇ ਮਾਮਲੇ ਸਾਡੇ ਲਈ ਚੇਤਾਵਨੀ ਹਨ ।
ਡਾ. ਟੇਡਰੋਸ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ 30 ਜਨਵਰੀ ਨੂੰ ਸਹੀ ਸਮੇਂ ਵਿਸ਼ਵਵਿਆਪੀ ਐਮਰਜੈਂਸੀ ਦਾ ਐਲਾਨ ਕੀਤਾ ਸੀ , ਤਾਂ ਜੋ ਦੁਨੀਆ ਦੇ ਸਾਰੇ ਦੇਸ਼ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਯੋਜਨਾ ਬਣਾ ਸਕਣ ਅਤੇ ਤਿਆਰੀ ਕਰ ਸਕਣ । ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਹੁਣ ਪੱਛਮੀ ਯੂਰਪ ਵਿੱਚ ਸਥਿਰ ਹੋ ਗਈ ਹੈ ਤੇ ਕਿਤੇ ਘਟਦੀ ਹੋਈ ਨਜ਼ਰ ਆ ਰਹੀ ਹੈ, ਪਰ ਇੱਥੇ ਮਾਮਲੇ ਵੱਧ ਸਕਦੇ ਹਨ । ਉਨ੍ਹਾਂ ਕਿਹਾ ਕਿ ਮੇਰੀ ਸਲਾਹ ਹੈ ਕਿ ਗਲਤੀ ਨਾ ਕਰੋ । ਸਾਡੀ ਲੜਾਈ ਲੰਬੀ ਹੈ, ਕਿਉਂਕਿ ਇਹ ਵਾਇਰਸ ਲੰਬੇ ਸਮੇਂ ਲਈ ਸਾਡੇ ਨਾਲ ਰਹੇਗਾ ।
ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਦੇ ਸਬੰਧ ਵਿੱਚ ਵਿਸ਼ਵ ਸਿਹਤ ਸੰਗਠਨ ਦੀ ਭੂਮਿਕਾ ‘ਤੇ ਸਵਾਲ ਚੁੱਕਦਾ ਰਿਹਾ ਹੈ । ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸੰਗਠਨ ਨੇ ਚੀਨ ਵਿੱਚ ਫੈਲੇ ਕੋਵਿਡ -19 ਦੀ ਗੰਭੀਰਤਾ ਨੂੰ ਲੁਕੋਇਆ ਹੈ । ਜੇ ਸੰਗਠਨ ਨੇ ਮੁੱਢਲੇ ਪੱਧਰ ‘ਤੇ ਕੰਮ ਕੀਤਾ ਹੁੰਦਾ ਤਾਂ ਮਹਾਂਮਾਰੀ ਸਾਰੇ ਸੰਸਾਰ ਵਿੱਚ ਨਹੀਂ ਫੈਲਦੀ ਅਤੇ ਮਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੁੰਦੀ । ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਦਿਨ ਪਹਿਲਾਂ ਸੰਗਠਨ ਨੂੰ ਫੰਡ ਦੇਣਾ ਬੰਦ ਕਰ ਦਿੱਤਾ ਸੀ । ਅਮਰੀਕਾ WHO ਨੂੰ ਸਾਲਾਨਾ 400–500 ਮਿਲੀਅਨ (ਲਗਭਗ 3 ਹਜ਼ਾਰ ਕਰੋੜ ਰੁਪਏ) ਫੰਡ ਦਿੰਦਾ ਹੈ, ਜਦਕਿ ਚੀਨ 40 ਮਿਲੀਅਨ (ਲਗਭਗ 300 ਮਿਲੀਅਨ ਰੁਪਏ) ਦਾ ਯੋਗਦਾਨ ਪਾਉਂਦਾ ਹੈ । ਦੱਸ ਦੇਈਏ ਕਿ ਹੁਣ ਤੱਕ ਵਿਸ਼ਵ ਵਿੱਚ ਕੋਰੋਨਾ ਵਾਇਰਸ ਕਾਰਨ 1 ਲੱਖ 84 ਹਜ਼ਾਰ 217 ਲੋਕਾਂ ਦੀ ਮੌਤ ਹੋਈ ਹੈ । ਵਿਸ਼ਵ ਵਿੱਚ 26 ਲੱਖ 37 ਹਜ਼ਾਰ 673 ਪੀੜਤ ਹਨ, ਜਦਕਿ 7 ਲੱਖ 17 ਹਜ਼ਾਰ 625 ਠੀਕ ਹੋ ਚੁੱਕੇ ਹਨ ।