Parneet Kaur visit : ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਫਿੱਕੀ ਫਲੋ ਦਾ ਜੱਥਾ ਡੇਰਾ ਬਾਬਾ ਨਾਨਕ ਪਹੁੰਚਿਆ, ਜਿਥੋਂ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਸ ਮੌਕੇ ’ਤੇ ਖਾਸ ਤੌਰ ’ਤੇ ਮਹਾਰਾਨੀ ਪਰਨੀਤ ਕੌਰ ਜੱਥੇ ’ਚ ਸ਼ਾਮਲ ਹੋਣ ਲਈ ਡੇਰਾ ਬਾਬਾ ਨਾਨਕ ਪਹੁੰਚੀ। ਫਿੱਕੀ ਫਲੋ ਦੀ ਚੇਅਰਪਰਸਨ ਆਰੁਸ਼ੀ ਵਰਮਾ ਸਣੇ ਸਾਰੇ ਮੈਂਬਰਾਂ ਵਲੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਜੂਦ ਰਹੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਾਰਾਣੀ ਪ੍ਰਨੀਤ ਕੌਰ ਨ ਨੇ ਜਿਥੇ ਫਿੱਕੀ ਫਲੋ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਦੱਸਿਆ ਕਿ ਕਾਂਗਰਸ ਪਾਰਟੀ ਸੰਸਦ ਵਿਚ ਔਰਤਾਂ ਦੀ ਰਿਜ਼ਰਵੇਸ਼ਨ ਨੂੰ ਅੱਗੇ ਵਧਾਉਣ ਲਈ ਅੱਜ ਵੀ ਲੜ ਰਹੀ ਹੈ।
ਉਥੇ ਜਦੋਂ ਪੱਤਰਕਾਰਾਂ ਨੇ ਪਰਨੀਤ ਕੌਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰ ਸਾਹਿਬ ਸਬੰਧੀ ਦਿੱਤੇ ਬਿਆਨ ਬਾਰੇ ਪੁੱਛਿਆ ਤਾਂ ਇਸ ਸਵਾਲ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਵਿਵਾਦ ’ਤੇ ਡੀਜੀਪੀ ਪਹਿਲਾਂ ਹੀ ਆਪਣੇ ਸਪੱਸ਼ਟੀਕਰਨ ਦੇ ਚੁੱਕੇ ਹਨ ਅਤੇ ਉਹ ਇਸ ਸਬੰਧ ’ਚ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦੀ। ਦੱਸ ਦੇਈਏ ਕਿ ਫਿੱਕੀ ਫਲੋ ਦੇ ਇਸ ਜੱਥੇ ਵਿਚ 100 ਤੋਂ ਵੱਧ ਲੋਕ ਸ਼ਾਮਲ ਹੋਣਗੇ ਅਤੇ ਇਹ ਜੱਥਾ ਪਿਆਰ, ਸ਼ਾਂਤੀ ਅਤੇ ਆਪਸੀ ਸਾਂਝ ਦਾ ਸੰਦੇਸ਼ ਦਿੰਦੇ ਹੋਏ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ’ਚ ਮੱਥਾ ਟੇਕੇਗਾ।