ਵਿਸ਼ਵ ਡਾਇਬਟੀਜ਼ ਦਿਵਸ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ। ਡਾਇਬਟੀਜ਼ ਕਾਰਨ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਨੂੰ ਧਿਆਨ ’ਚ ਰੱਖਦਿਆਂ ਸਾਲ 1991 ’ਚ ਅੰਤਰਰਾਸ਼ਟਰੀ ਡਾਇਬਟੀਜ਼ ਫੈਡਰੇਸ਼ਨ (ਆਈਡੀਐੱਫ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਇਸ ਦਿਨ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ। 160 ਤੋਂ ਵੱਧ ਦੇਸ਼ਾਂ ’ਚ ਦੁਨੀਆ ਦੀ ਸਭ ਤੋਂ ਵੱਡੀ ਡਾਇਬਟੀਜ਼ ਜਾਗਰੂਕਤਾ ਮੁਹਿੰਮ ਨਾਲ ਸਾਲ 2006 ਤੋਂ ‘ਵਿਸ਼ਵ ਡਾਇਬਟੀਜ਼ ਦਿਵਸ’ ਅਧਿਕਾਰਤ ਸੰਯੁਕਤ ਰਾਸ਼ਟਰ ਦਿਵਸ ਬਣ ਚੁੱਕਿਆ ਹੈ।
ਅੰਕੜੇ
ਸਾਲ 2014 ’ਚ ਵਿਸ਼ਵ ਭਰ ’ਚ ਡਾਇਬਟੀਜ਼ ਦੀ ਬਿਮਾਰੀ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 422 ਮਿਲੀਅਨ (11 ’ਚੋਂ ਹਰ 1 ਵਿਅਕਤੀ) ਹੋ ਗਈ, ਜੋ 1980 ’ਚ 108 ਮਿਲੀਅਨ ਸੀ। ਉੱਚ-ਆਮਦਨ ਵਾਲੇ ਦੇਸ਼ਾਂ ਦੇ ਮੁਕਾਬਲੇ ਘੱਟ ਤੇ ਮੱਧ-ਆਮਦਨ ਵਾਲੇ ਦੇਸ਼ਾਂ ’ਚ ਡਾਇਬਟੀਜ਼ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਲ
2015 ’ਚ ਭਾਰਤ ਵਿਚ ਡਾਇਬਟੀਜ਼ ਦੇ 69.1 ਮਿਲੀਅਨ ਮਾਮਲੇ ਸਾਹਮਣੇ ਆਏ। 2000 ਤੋਂ 2016 ਵਿਚਕਾਰ ਡਾਇਬਟੀਜ਼ ਕਾਰਨ ਸਮੇਂ ਤੋਂ ਪਹਿਲਾਂ ਮੌਤ ਦਰ ’ਚ 5 ਫ਼ੀਸਦੀ ਵਾਧਾ ਹੋਇਆ ਸੀ। 2019 ’ਚ ਅੰਦਾਜ਼ਨ 1.5 ਮਿਲੀਅਨ ਮੌਤਾਂ ਸਿੱਧੇ ਤੌਰ ’ਤੇ ਸ਼ੂਗਰ ਕਾਰਨ ਹੋਈਆਂ। 2012 ’ਚ ਹਾਈ ਬਲੱਡ ਗੁਲੂਕੋਜ਼ ਕਾਰਨ 2.2 ਮਿਲੀਅਨ ਮੌਤਾਂ ਹੋਈਆਂ। ਇਸ ਵੇਲੇ ਲਗਪਗ 199 ਮਿਲੀਅਨ ਤੋਂ ਵੱਧ ਔਰਤਾਂ ਡਾਇਬਟੀਜ਼ ਤੋਂ ਪੀੜਤ ਹਨ ਤੇ ਸਾਲ 2040 ਤਕ ਇਹ ਗਿਣਤੀ ਵੱਧ ਕੇ 313 ਮਿਲੀਅਨ ਤਕ ਪਹੁੰਚਣ ਦੀ ਸੰਭਾਵਨਾ ਹੈ। ਵਿਸ਼ਵ ਪੱਧਰ ’ਤੇ ਡਾਇਬਟੀਜ਼ ਔਰਤਾਂ ਦੀ ਮੌਤ ਦਾ ਨੌਵਾਂ ਸਭ ਤੋਂ ਪ੍ਰਮੁੱਖ ਕਾਰਨ ਹੈ, ਜਿਸ ਕਾਰਨ ਹਰ ਸਾਲ ਲਗਪਗ 2.1 ਮਿਲੀਅਨ ਔਰਤਾਂ ਦੀ ਮੌਤ ਇਸ ਬਿਮਾਰੀ ਕਰਕੇ ਹੀ ਹੁੰਦੀ ਹੈ।
ਕੀ ਹੈੈ ਡਾਇਬਟੀਜ਼?
ਜੋ ਵੀ ਭੋਜਨ ਅਸੀਂ ਖਾਂਦੇ ਹਾਂ, ਉਹ ਸਰੀਰ ’ਚ ਜਾ ਕੇ ਟੁੱਟ ਕੇ ਸ਼ੂਗਰ ਬਣਦਾ ਹੈ, ਜਿਸ ਨੂੰ ਅਸੀਂ ਗੁਲੂਕੋਜ਼ ਕਹਿੰਦੇ ਹਾਂ। ਗੁਲੂਕੋਜ਼ ਲਹੂ ਰਾਹੀਂ ਸਰੀਰ ਦੇ ਸਾਰੇ ਹਿੱਸਿਆਂ ’ਚ ਪ੍ਰਵਾਹਿਤ ਹੁੰਦਾ ਹੈ, ਜਿਸ ਨਾਲ ਊਰਜਾ ਮਿਲਦੀ ਹੈ। ਉਹ ਹਾਰਮੋਨ ਜੋ ਗੁਲੂਕੋਜ਼ ਨੂੰ ਲਹੂ ਤੋਂ ਕੌਸ਼ਿਕਾਵਾਂ (ਸੈੱਲ) ’ਚ ਲਿਜਾਣ ਵਿਚ ਮਦਦ ਕਰਦਾ ਹੈ, ਉਸ ਨੂੰ ਇੰਸੁਲਿਨ ਕਹਿੰਦੇ ਹਨ। ਇੰਸੁਲਿਨ ਸਰੀਰ ਦੇ ਲਹੂ ’ਚ ਸ਼ੂਗਰ ਦੇ ਪੱਧਰ ਨੂੰ ਨਾਰਮਲ ਰੱਖਦੀ ਹੈ। ਡਾਇਬਟੀਜ਼ ’ਚ ਸਰੀਰ ਇੰਸੁਲਿਨ ਪੈਦਾ ਨਹੀਂ ਕਰਦਾ ਜਾਂ ਇੰਸੁਲਿਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰ ਸਕਦਾ, ਜਿਸ ਨਾਲ ਗੁਲੂਕੋਜ਼ ਲਹੂ ’ਚ ਮਿਲ ਜਾਂਦਾ ਹੈ ਅਤੇ ਨਤੀਜੇ ਦੇ ਤੌਰ ’ਤੇ ਲਹੂ ਵਿਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ।
ਕਿਸਮਾਂ
ਟਾਈਪ-1 ਡਾਇਬਟੀਜ਼ : ਇਸ ’ਚ ਸਰੀਰ ਵਿਚ ਇੰਸੁਲਿਨ ਨਹੀਂ ਬਣਦਾ। ਇਸ ਸਥਿਤੀ ਵਾਲੇ ਲੋਕਾਂ ਨੂੰ ਰੋਜ਼ ਇੰਸੁਲਿਨ ਦਾ ਟੀਕਾ ਲਾਉਣਾ ਪੈਂਦਾ ਹੈ, ਜਿਸ ਨਾਲ ਲਹੂ ’ਚ ਗੁਲੂਕੋਜ਼ ਦਾ ਪੱਧਰ ਕੰਟਰੋਲ ਕੀਤਾ ਜਾਂਦਾ ਹੈ। ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਪਰ ਆਮ ਕਰਕੇ ਇਹ ਬਚਪਨ ਤੋਂ ਹੀ ਸ਼ੁਰੂ ਹੁੰਦੀ ਹੈ ਜਾਂ ਨੌਜਵਾਨ ਬਾਲਗਾਂ ’ਚ ਹੁੰਦੀ ਹੈ।
ਟਾਈਪ-2 ਡਾਇਬਟੀਜ਼ : ਇਹ ਸ਼ੂਗਰ ਰੋਗ ਦੀ ਆਮ ਕਿਸਮ ਹੁੰਦੀ ਹੈ, ਜਿਸ ’ਚ ਸਰੀਰ ਵਿਚ ਇੰਸੁਲਿਨ ਬਣਦਾ ਤਾਂ ਹੈ ਪਰ ਲੋੜੀਂਦੀ ਮਾਤਰਾ ’ਚ ਨਹੀਂ ਬਣਦਾ। ਇਸ ਕਿਸਮ ਦੀ ਸ਼ੂਗਰ ਜ਼ਿਆਦਾਤਰ ਵੱਧਦੀ ਉਮਰ ਦੇ ਲੋਕਾਂ (ਬਾਲਗਾਂ) ’ਚ ਦੇਖਣ ਨੂੰ ਮਿਲਦੀ ਹੈ ਪਰ ਅੱਜ-ਕੱਲ੍ਹ ਇਹ ਬੱਚਿਆਂ ਤੇ ਕਿਸ਼ੋਰਾਂ ’ਚ ਵੀ ਮਿਲਦੀ ਹੈ। ਇਸ ਦਾ ਖ਼ਤਰਾ ਉਨ੍ਹਾਂ ਲੋਕਾਂ ਵਿਚ ਵਧੇਰੇ ਹੁੰਦਾ ਹੈ, ਜਿਨ੍ਹਾਂ ਦੇ ਪਰਿਵਾਰ ਵਿਚ ਪਹਿਲਾਂ ਤੋਂ ਹੀ ਕਿਸੇ ਨੂੰ ਸ਼ੂਗਰ ਦੀ ਸ਼ਿਕਾਇਤ ਰਹੀ ਹੋਵੇ ਜਾਂ ਉਹ ਲੋਕ ਜਿਨ੍ਹਾਂ ਦਾ ਵਜ਼ਨ ਬੇਤਹਾਸ਼ਾ ਹੋਵੇ। ਇਹ ਬਕਾਇਦਾ ਕਸਰਤ ਦੀ ਘਾਟ ਤੇ ਵੱਧਦੀ ਉਮਰ ਦੇ ਨਾਲ ਵੀ ਦੇਖਣ ਨੂੰ ਮਿਲਦੀ ਹੈ।
ਗਰਭ ਅਵਸਥਾ ਦੌਰਾਨ ਡਾਇਬਟੀਜ਼ : ਇਹ ਰੋਗ ਇਸਤਰੀਆਂ ਨੂੰ ਗਰਭ ਅਵਸਥਾ ਦੌਰਾਨ ਹੁੰਦਾ ਹੈ। ਇਸ ਸਥਿਤੀ ’ਚ ਗਰਭ ਅਵਸਥਾ ਤੇ ਪ੍ਰਸੂਤ ਦੌਰਾਨ ਖ਼ਤਰਾ ਹੁੰਦਾ ਹੈ। ਜਿਨ੍ਹਾਂ ਔਰਤਾਂ ਨੂੰ ਗਰਭ ਅਵਸਥਾ ਦੌਰਾਨ ਸ਼ੂਗਰ ਦੀ ਸਮੱਸਿਆ ਹੁੰਦੀ ਹੈ, ਉਨ੍ਹਾਂ ਦੇ ਬੱਚਿਆਂ ਨੂੰ ਭਵਿੱਖ ’ਚ ਟਾਈਪ-2 ਸ਼ੂਗਰ ਰੋਗ ਹੋਣ ਦਾ ਖ਼ਤਰਾ ਰਹਿੰਦਾ ਹੈ।
ਕਾਰਨ
ਆਮ ਤੌਰ ’ਤੇ ਟਾਈਪ-2 ਡਾਇਬਟੀਜ਼ ਪਾਇਆ ਜਾਂਦਾ ਹੈ, ਜਿਸ ਦੇ ਕਾਰਨ ਹੇਠ ਲਿਖੇ ਹਨ:
ਪਰਿਵਾਰ ’ਚ ਪਹਿਲਾਂ ਤੋਂ ਹੀ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਰਹੀ ਹੋਵੇ।
ਮੋਟਾਪਾ
.ਗੈਰ-ਸਿਹਤਮੰਦ ਆਹਾਰ ਦੀਆਂ ਆਦਤਾਂ, ਖ਼ਾਸ ਕਰਕੇ ਜ਼ਿਆਦਾ ਨਮਕ, ਚਰਬੀ ਦਾ ਇਸਤੇਮਾਲ ਅਤੇ ਸਬਜ਼ੀਆਂ, ਫਲਾਂ ਦੀ ਘੱਟ ਵਰਤੋਂ।
ਸਰੀਰਕ ਸਰਗਰਮੀ ਜਾਂ ਕਸਰਤ ਘੱਟ ਹੋਣੀ।
ਹਾਈ ਬੀਪੀ।
ਜ਼ਿਆਦਾ ਮਾਤਰਾ ’ਚ ਹਾਨੀਕਾਰਕ ਕੋਲੈਸਟਰੋਲ।
ਨਸ਼ੇੜੀ ਆਦਤਾਂ, ਜਿਵੇਂ ਸਿਗਰਟਾਂ ਜਾਂ ਨਸ਼ੀਲੀਆਂ ਦਵਾਈਆਂ ਖਾਣਾ, ਸ਼ਰਾਬ ਪੀਣਾ।
ਜੇ ਔਰਤ ਨੂੰ ਗਰਭ ਅਵਸਥਾ ਦੌਰਾਨ ਸ਼ੂਗਰ ਰੋਗ ਹੋਵੇ ਜਾਂ ਗਰਭ ਅਵਸਥਾ ਦੌਰਾਨ ਲਹੂ ’ਚ ਸ਼ੂਗਰ ਦਾ ਪੱਧਰ ਮਾਮੂਲੀ ਵੀ ਵਧਿਆ ਹੋਵੇ।
ਲੱਛਣ
ਡਾਇਬਟੀਜ਼ ਦੇ ਮਰੀਜ਼ ਖ਼ਾਸ ਤੌਰ ’ਤੇ ਟਾਈਪ-2 ਨਾਲ ਪੀੜਤ ਜ਼ਿਆਦਾਤਰ ਮਰੀਜ਼ਾਂ ਵਿਚ ਇਸ ਬਿਮਾਰੀ ਦਾ ਕੋਈ ਲੱਛਣ ਦਿਖਾਈ ਨਹੀਂ ਦਿੰਦਾ ਜਾਂ ਲੰਮੇ ਸਮੇਂ ਤਕ ਇਸ ਦੇ ਲੱਛਣਾਂ ਦਾ ਪਤਾ ਨਹੀਂ ਲੱਗਦਾ। ਹਾਲਾਂਕਿ ਜੇ ਕੁਝ ਦਿਨਾਂ ਵਾਸਤੇ ਖ਼ੂਨ ’ਚ ਗੁਲੂਕੋਜ਼ ਦਾ ਪੱਧਰ ਵੱਧ ਜਾਂਦਾ ਹੈ ਤਾਂ ਹੇਠ ਲਿਖੇ ਲੱਛਣ ਦਿਖਾਈ ਦਿੰਦੇ ਹਨ:
ਵਾਰ ਵਾਰ ਪਿਸ਼ਾਬ ਆਉਣਾ।
ਬਹੁਤ ਭੁੱਖ ਲੱਗਣਾ।
ਬਹੁਤ ਜ਼ਿਆਦਾ ਪਿਆਸ ਲੱਗਣਾ।
ਬਿਨਾਂ ਕਿਸੇ ਕਾਰਨ ਭਾਰ ਘਟਣਾ।
ਊਰਜਾ ਦੀ ਕਮੀ, ਬੇਹੱਦ ਥਕਾਵਟ।
ਵਾਰ-ਵਾਰ ਜਾਂ ਗੰਭੀਰ ਸੰਕ੍ਰਮਣ ਹੋਣਾ।
ਅੱਖਾਂ ’ਚ ਧੁੰਦਲਾ ਦਿਖਾਈ ਦੇਣਾ।
ਜ਼ਖ਼ਮਾਂ ਦਾ ਬਹੁਤ ਹੌਲੀ-ਹੌਲੀ ਭਰਨਾ।
ਜੇ ਸਰੀਰ ’ਚ ਸ਼ੂਗਰ ਬਹੁਤ ਜ਼ਿਆਦਾ ਹੈ ਤਾਂ ਇਹ ਸਰੀਰ ’ਚ ਬਹੁਤ ਜ਼ਿਆਦਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ, ਜਿਵੇਂ ਗੁਰਦੇ ਫੇਲ੍ਹ ਹੋਣਾ, ਦਿਲ ਤੇ ਲਹੂ ਨਾੜੀਆਂ ਸੰਬੰਧੀ ਰੋਗ, ਦਿਲ ਦਾ ਦੌਰਾ ਤੇ ਲਕਵਾ, ਨਸਾਂ ਦਾ ਸੁੰਨ ਪੈਣਾ, ਹੱਥਾਂ ਜਾਂ ਪੈਰਾਂ ਵਿਚ ਝਰਨਾਹਟ ਹੋਣਾ, ਪੈਰਾਂ ’ਚ ਜ਼ਖ਼ਮ (ਨਾਸੂਰ) ਤੇ ਸੰਕ੍ਰਮਣ (ਇਨਫੈਕਸ਼ਨ) ਹੋਣਾ, ਅੱਖਾਂ ’ਚ ਅੰਨ੍ਹਾਪਣ, ਮੂੰਹ ਵਿਚ ਖੋੜ, ਮਸੂੜਿਆਂ ਦੇ ਰੋਗ ਆਦਿ। ਡਾਇਬਟੀਜ਼ ਤੋਂ ਪੀੜਤ ਵਿਅਕਤੀ ਨੂੰ ਆਪਣੇ ਪੈਰਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਨਸਾਂ ਸੁੰਨ ਹੋਣ ਕਾਰਨ ਕਿਸੇ ਸੱਟ ਜਾਂ ਜ਼ਖ਼ਮ ਦਾ ਦਰਦ ਮਹਿਸੂਸ ਨਹੀਂ ਹੁੰਦਾ ਅਤੇ ਅਣਦੇਖਿਆ ਕਰਨ ਨਾਲ ਜ਼ਖ਼ਮ ਵੱਧ ਜਾਂਦਾ ਹੈ ਅਤੇ ਗੈਂਗਰੀਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਬਚਾਅ
ਡਾਇਬਟੀਜ਼ (ਸ਼ੂਗਰ) ਦੀ ਰੋਕਥਾਮ ਤੇ ਕੰਟਰੋਲ ਜੀਵਨਸ਼ੈਲੀ ’ਚ ਤਬਦੀਲੀਆਂ ਕਰ ਕੇ ਟਾਈਪ-2 ਸ਼ੂਗਰ ਰੋਗ ਦੇ ਪ੍ਰਭਾਵ ਤੇ ਪੇਚੀਦਗੀਆਂ ਨੂੰ ਰੋਕਿਆ ਜਾ ਸਕਦਾ ਹੈ। ਸਰੀਰ ਦਾ ਵਜ਼ਨ ਸੰਤੁਲਿਤ ਰੱਖਣਾ, ਮੋਟਾਪੇ ਨੂੰ ਰੋਕਣਾ, ਹਫ਼ਤੇ ’ਚ ਪੰਜ ਦਿਨ ਘੱਟੋ-ਘੱਟ 30 ਮਿੰਟ ਹਰ ਰੋਜ਼ ਕਸਰਤ ਕਰਨਾ, ਜਿਸ ਨਾਲ ਵਜ਼ਨ ਸੰਤੁਲਿਤ ਰਹਿ ਸਕੇ, ਡਾਇਬਟੀਜ਼ ਨੂੰ ਰੋਕਣ ’ਚ ਸਹਾਈ ਹੁੰਦੀ ਹੈ। ਥੋੜ੍ਹੇ-ਥੋੜ੍ਹੇ ਸਮੇਂ ਤੇ ਘੱਟ ਮਾਤਰਾ ’ਚ ਭੋਜਨ ਕਰਨਾ ਚਾਹੀਦਾ ਹੈ। ਭੋਜਨ ਨਾ ਕਰਨ ਜਾਂ ਛੱਡ ਦੇਣ ਨਾਲ ਸਰੀਰ ਵਿਚ ਸ਼ੂਗਰ ਦਾ ਪੱਧਰ ਘੱਟ ਹੋ ਸਕਦਾ ਹੈ। ਸਿਹਤਮੰਦ ਤੇ ਸੰਤੁਲਿਤ ਆਹਾਰ ਖਾਣਾ ਚਾਹੀਦਾ ਹੈ ਅਤੇ ਭੋਜਨ ਵਿਚ ਖੰਡ, ਲੂਣ, ਚਰਬੀ (ਫੈਟ) ਦੀ ਜ਼ਿਆਦਾ ਮਾਤਰਾ ਤੋਂ ਬਚਣਾ ਚਾਹੀਦਾ ਹੈ। ਅਜਿਹੇ ਭੋਜਨ ਖਾਣੇ ਚਾਹੀਦੇ ਹਨ, ਜਿਨ੍ਹਾਂ ਵਿਚ ਰੇਸ਼ੇ (ਫਾਇਬਰ) ਦੀ ਮਾਤਰਾ ਜ਼ਿਆਦਾ ਹੋਵੇ, ਜਿਵੇਂ ਫਲ, ਹਰੀਆਂ ਸਬਜ਼ੀਆਂ, ਛਿਲਕੇ ਵਾਲੇ ਅਨਾਜ, ਛਿਲਕੇ ਵਾਲੀਆਂ ਦਾਲਾਂ ਜਾਂ ਇਨ੍ਹਾਂ ਚੀਜ਼ਾਂ ਤੋਂ ਬਣੇ ਹੋਰ ਪਦਾਰਥ। ਕਿਸੇ ਵੀ ਪ੍ਰਕਾਰ ਦੀ ਸਿਗਰਟਨੋਸ਼ੀ ਨਹੀਂ, ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਲਹੂ ’ਚ ਸ਼ੂਗਰ ਦੇ ਪੱਧਰ ਦੀ ਜਾਂਚ ਨਿਯਮਤ ਕਰਵਾਉਂਦੇ ਰਹਿਣਾ ਚਾਹੀਦਾ ਹੈ। ਡਾਕਟਰ ਵੱਲੋਂ ਦਿਤੀ ਸਲਾਹ ਦਾ ਪਾਲਣ ਸਖ਼ਤੀ ਨਾਲ ਕਰਨਾ ਚਾਹੀਦਾ ਹੈ।
ਸਰਕਾਰ ਵੱਲੋਂ ਕੈਂਸਰ, ਡਾਇਬਟੀਜ਼, ਕਾਰਡੀਓਵੈਸਕੁਲਰ ਬਿਮਾਰੀ ਤੇ ਸਟਰੋਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਤਹਿਤ ਆਸ਼ਾ ਵਰਕਰਾਂ ਵੱਲੋਂ ਘਰਾਂ ਦੇ ਦੌਰੇ ਕਰਕੇ 30 ਸਾਲ ਅਤੇ ਇਸ ਤੋਂ ਵੱਡੀ ਉਮਰ ਦੇ ਸਾਰੇ ਵਿਅਕਤੀਆਂ ਦੀ ਗ਼ੈਰ-ਸੰਚਾਰੀ ਰੋਗਾਂ ਦੀ ਜਾਂਚ ਲਈ ਪ੍ਰਫਾਰਮਾ ਭਰ ਕੇ ਖ਼ਤਰੇ ਦੀ ਸਥਿਤੀ ਵਾਲੇ ਵਿਅਕਤੀਆਂ ਨੂੰ ਸਿਹਤ ਕੇਂਦਰ ’ਤੇ ਜਾਂਚ ਲਈ ਬੁਲਾਇਆ ਜਾਂਦਾ ਹੈ ਤਾਂ ਜੋ ਡਾਇਬਟੀਜ਼ ਸਮੇਤ ਹੋਰਨਾਂ ਗ਼ੈਰ-ਸੰਚਾਰੀ ਬਿਮਾਰੀਆਂ ਨੂੰ ਮੁੱਢਲੇ ਪੱਧਰ ’ਤੇ ਹੀ ਪਛਾਣ ਕਰ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ।