47.37 F
New York, US
November 21, 2024
PreetNama
ਸਮਾਜ/Socialਖਾਸ-ਖਬਰਾਂ/Important News

ਵਿਸ਼ਵ ਪ੍ਰਸਿੱਧ ਸਥਾਨ : ਵਾਟਰਟਨ ਲੇਕਸ ਨੈਸ਼ਨਲ ਪਾਰਕ ਸ਼ਹਿਰ, ਕਨੇਡਾ


ਕਨੇਡਾ ਦੀ ਪ੍ਰਸਿੱਧ ਸਟੇਟ ਅਲਬਰਟਾ ਦੇ ਅੰਤਰਗਤ ਆਉਂਦਾ ਹੈ ਵਿਸ਼ਵ ਪਿ੍ਸਿੱਧ ਪਹਾੜੀ, ਝੀਲਾਂ, ਝਰਨਿਆਂ, ਜੰਗਲਾਂ, ਨਦ-ਨਦੀਆਂ ਦਾ ਅਦਭੁਤ, ਰਮਣੀਕ, ਅਲੌਕਿਕ ਸ਼ਹਿਰ ‘ਵਾਟਰਟਨ ਲੇਕਸ ਨੈਸ਼ਨਲ ਪਾਰਕ’ |ਇਸ ਸਥਾਨ ਵਿਖੇ ਪਹੁੰਚਣ ਲਈ ਐਡਮੰਟਨ ਤੋਂ ਛੇ ਘੰਟੇ ਅਤੇ ਕੈਲਗਰੀ ਤੋਂ ਤਿੰਨ ਘੰਟੇ ਲਗਦੇ ਹਨ | ਪਹੁੰਚ ਤੱਕ ਦਾ ਸਾਰਾ ਰਸਤਾ ਦਿਲਚਸਪ ਅਤੇ ਆਕਰਸ਼ਣ ਰਖਦਾ ਹੈ | ਨੀਮ ਪਹਾੜੀ ਰਸਤਾ | ਬਿਲਕੁਲ ਸਿੱਧੀਆਂ ਸੜਕਾਂ | ਕੋਈ ਅੰਨ੍ਹਾ ਮੋੜੀ ਹੀ ਨਹੀਂ | ਕਨੇਡਾ ਵਿਖੇ ਗੱਡੀ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦੇ ਕਿਉਂਕਿ ਸੜਕ ਦੇ ਸੱਜੇ ਪਾਸੇ ਨਿਰਧਾਰਿਤ ਸਪੀਡ ਲਿਖੀ ਹੁੰਦੀ ਹੈ | ਨਿਰਧਾਰਿਤ ਸਪੀਡ ਬੋਰਡ ਦੇ ਨਿਰਦੇਸ਼ ਮੁਤਾਬਿਕ ਹੀ ਤੁਸੀਂ ਸਪੀਡ ਵੱਧ ਘੱਟ ਕਰ ਸਕਦੇ ਹੋ ਆਪਣੀ ਮਰਜ਼ੀ ਨਾਲ ਨਹੀਂ | ਇੱਥੇ ਜੀ.ਪੀ.ਐਸ (ਗਲੋਬਿਲ ਪੋਜ਼ੀਸ਼ਨਿੰਗ ਸਿਸਟਮ) ਦੇ ਨਿਰਦੇਸ਼ ਨਾਲ ਗੱਡੀ ਚਲਾਉਣਾ ਹੋਰ ਵੀ ਆਸਾਨ ਹੋ ਜਾਂਦਾ ਹੈ | ਇਸ ਬਗੈਰ ਗੁਜ਼ਾਰਾ ਹੀ ਨਹੀਂ |ਜੰਗਲਾਂ ਵਿਚ ਵਸਾਇਆ ਇਹ ਸ਼ਹਿਰ ਪਹਾੜੀਆਂ ਨਾਲ ਤਾਲਮੇਲ ਬਣਾਉੀਂਦਾ ਹੋਇਆ ਅਲੌਕਿਕ ਦਿ੍ਸ਼ ਪੇਸ਼ ਕਰਦਾ ਹੈ | ਅਮਰੀਕਾ ਦੇ ਪਹਾੜੀ ਇਲਾਕੇ ਵਾਲੇ ਸ਼ਹਿਰ ਮੋਨਟਾਨਾ ਦੀ ਸਰਹੱਦ ਨਾਲ ਸਾਂਝਾ ਤਾਲਮੇਲ ਬਣਾਉਦਾ ਹੈ | ਇਹ ਸਾਰਾ ਸ਼ਹਿਰ ਲਗਭਗ 140 ਕਿਲੋਮੀਟਰ ਦੇ ਘੇਰੇ ਵਿਚ ਵਸਾਇਆ ਹੋਇਆ ਹੈ | ਹਜ਼ਾਰਾਂ ਸਾਲ ਪਹਿਲਾਂ ਇਸ ਜੰਗਲੀ ਸਥਾਨ ਵਿਚ ਝੀਲਾਂ ਦੇ ਕਿਨਾਰੇ ‘ਕੁਟੇਨਵੀ’ ਕਬੀਲੇ ਦੇ ਲੋਕ ਰਹਿੰਦੇ ਸਨ | ਉਸ ਸਮੇਂ ਇਸ ਝੀਲ ਨੂੰ ‘ਕੁਟੀਨੇ ਲੇਕਸ’ ਕਹਿੰਦੇ ਸਨ | ਇਸ ਤਿੰਨ ਝੀਲਾਂ ਦੇ ਸੁਮੇਲ ਨੂੰ ਵਾਟਰਟਨ ਦਾ ਨਾਮ ਦਿੱਤਾ ਗਿਆ | ਇਹ ਤਿੰਨ ਝੀਲਾਂ ਆਪਸ ਵਿਚ ਇਕਮਿਕ ਹੋਈਆਂ ਪਈਆਂ ਹਨ, ਜੋ ਵਿਸ਼ਾਲ ਲੰਬੀ ਝੀਲ ਦਾ ਰੂਪ ਅਖਤਿਆਰ ਕਰਦੀਆਂ ਹਨ | ਇਸ ਝੀਲ ਦੀ ਲੰਬਾਈ ਲਗਭਗ 80 ਕਿਲੋਮੀਟਰ ਹੈ, ਜਿਸਦਾ ਇਕ ਸਿਰਾ ਵਾਟਰਟਨ ਸ਼ਹਿਰ ਨਾਲ ਤੇ ਦੂਸਰਾ ਸਿਰਾ ਅਮਰੀਕਾ ਦੀਆਂ ਪਹਾੜੀਆਂ ਵਿਚ ਜਾ ਖ਼ਤਮ ਹੁੰਦਾ ਹੈ | ਸੱਜੇ ਪਾਸੇ ਕਨੇਡਾ ਅਤੇ ਖੱਬੇ ਪਾਸੇ ਅਮਰੀਕਾ ਦੀਆਂ ਪਹਾੜੀਆਂ ਹਨ ਅਤੇ ਵਿਚਕਾਰ ਸਾਂਝੀ ਝੀਲ, ਸਾਂਝੀ ਸਰਹੱਦ ਦੀ ਹੋਂਦ ਨੂੰ ਮਾਨਵਤਾਵਾਦੀ ਦੇ ਚਿੰਨ੍ਹ ਪ੍ਰਦਾਨ ਕਰਦੀ ਹੋਈ ਸ਼ਾਤੀ ਅਤੇ ਵਿਸ਼ਵ ਭਾਈਚਾਰੇ ਦਾ ਸੰਦੇਸ਼ ਦਿੰਦੀ ਹੁੰਦੀ ਹੈ | ਇਸ ਝੀਲ ਦਾ ਨਾਮ ਇਤਿਹਾਸਕਾਰ ਖੋਜੀ ਬਲੇਕਿਸਟਨ ਨੇ ਬਿ੍ਟਿਸ਼ ਕੁਦਰਤੀ ਵਿਗਿਆਨੀ ਚਾਰਲਸ ਵਾਟਰਟਨ ਦੇ ਨਾਮ ‘ਤੇ ‘ਵਾਟਰਟਨ’ ਰੱਖਿਆ | ਸ਼ੁਰੂ ਵਿਚ ਇਹ ਸਥਾਨ ਕਨੇਡਾ ਦਾ ਪਹਿਲਾ ਰਾਸ਼ਟਰੀ ਪਾਰਕ ਸੀ ਪਰ ਸਮੇਂ ਦੀ ਕਰਵੱਟ ਅਤੇ ਨਵੇਂ ਸਿਰਜਨਾਤਮਿਕ ਅਦਭੁਤ ਹੋਰ ਸਥਾਨਾਂ ਦੀ ਹੱਦ ਕਰਕੇ ਅਜਕਲ ਵਾਟਰਟਨ ਸਥਾਨ ਕਨੇਡਾ ਦਾ ਚੌਥਾ ਰਾਸ਼ਟਰੀ ਪਾਰਕ ਹੈ | ਅਮਰੀਕਾ ਕਨੇਡਾ ਦੀ ਇਹ ਪਹਾੜੀ ਝੀਲ ਨੁਮਾਂ ਸੁੰਦਰ ਸਰਹੱਦ ਸਭ ਤੋਂ ਵੱਡੀ ਹੈ | ਇਹ ਸਥਾਨ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਨਿਸ਼ਾਨ ਬਣਾਉਦਾ ਹੈ |ਦਸੰਬਰ 1995 ਨੂੰ ਵਾਟਰਟਨ ਗਲੇਸ਼ੀਅਰ ਇੰਟਰਨੈਸ਼ਨਲ ਪੀਸ ਪਾਰਕ ਨੂੰ ਅਧਿਕਾਰਿਤ ਤੌਰ ‘ਤੇ ਇਕ ਯੂਨੈਸਕੋ ਵਰਲਡ ਹੈਰੀਟੇਜ਼ ਸਾਈਟ ਨਾਮਜਦ ਕੀਤਾ ਗਿਆ | ਇਸ ਨੂੰ ਵਾਤਾਵਰਣ ਦੀ ਭਿੰਨਤਾ, ਇਸਦੇ ਸਹਿਯੋਗ ਅਤੇ ਚੰਗੇ ਇੱਛਾ ਸ਼ਕਤੀ ਦੇ ਨਮੂਨੇ ਵਜੋਂ ਲਿਆ ਗਿਆ ਹੈ | ਇਹ ਇਕ ਅਨੋਖਾ ਵਿਸ਼ਵ ਵਿਆਪੀ ਖਜ਼ਾਨਾ ਹੈ | ਰੋਟਰੀ ਇੰਟਰਨੈਸ਼ਨਲ ਦੀ ਤਰਫੋਂ ਸਰ ਚਾਰਲਸ ਆਰਥਰ ਮੰਡੇਰ ਦੁਆਰਾ ਇਹ ਸਰਹੱਦੀ ਸਾਂਝੀਦਾਰੀ ਵਿਸ਼ਵ ਸ਼ਾਂਤੀ ਨੂੰ ਸਮਰਪਿਤ ਕੀਤੀ ਗਈ |ਅੱਜ ਇਹ ਸ਼ਹਿਰ ਸੰਯੁਕਤ ਰਾਜ ਅਤੇ ਕਨੇਡਾ ਦੇ ਲੋਕਾਂ ਦੇ ਦਰਮਿਆਨ ਸਾਂਤੀ ਅਤੇ ਦੋਸਤੀ ਦੇ ਬੰਧਨ ਦਾ ਖੂਬਸੂਰਤ ਪ੍ਰਤੀਕ ਹੈ | ਇਸ ਸਥਾਨ ਨੂੰ ਵਿਸ਼ਵ ਵਿਰਾਸਤ ਵਾਲੀ ਅਦਭੁਤ ਸੁੰਦਰ ਜਗ੍ਹਾ ਵਜੋਂ ਮਨੋਨੀਤ ਕੀਤਾ ਗਿਆ | ਇਹ ਸਥਾਨ ਵਾਟਰਟਨ, ਕਨੇਡਾ ਦਾ ਦੂਜਾ ਬਾਇਓਸਪਿਅਰ ਰਿਜ਼ਰਵ ਅਥੇ ਯੂਨੈਸਕੋ ਦੇ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲਾ ਪਹਿਲਾ ਕਨੇਡੀਅਨ ਰਾਸ਼ਟਰੀ ਪਾਰਕ ਵੀ ਹੈ | ਦੁਨੀਆਂ ਵਿਚ ਇਸ ਤਰ੍ਹਾਂ ਦੀ ਕੋਈ ਹੋਰ ਜਗ੍ਹਾ ਨਹੀਂ ਹੈ | ਸ਼ਹਿਰ ਦੀਆਂ ਆਪਣੀਆਂ ਸੀਮਾਵਾਂ ਦੇ ਅੰਦਰ ਦੋ ਰਾਸ਼ਟਰੀ ਇਤਿਹਾਸਿਕ ਸਾਈਟਾਂ ਪੱਛਮੀ ਕਨੇਡਾ ਵਿਚ ਪਹਿਲੇ ਤੇਲ ਖੂਹ ਵੀ ਪਾਏ ਜਾਂਦੇ ਹਨ | ਕਈ ਕੋਇਲੇ ਦੀਆਂ ਖਾਨਾਂ ਵੀ ਮੌਜੂਦ ਸਨ |ਝੀਲ ਦੇ ਸ਼ੁਰੂਆਤੀ ਕੋਨੇ ਦੇ ਉਪੱਰ ਇਕ ਛੋਟੀ ਜਿਹੀ ਸੁੰਦਰ ਪਹਾੜੀ ਹੈ, ਜਿਸਦੇ ਪੈਰਾਂ ਵਿਚੋਂ ਝੀਲ ਦੀ ਆਮਦ ਬੇਗਾਨੇ ਵਾਤਾਵਰਣ ਨੂੰ ਆਪਣਾਪਨ ਦੇ ਕੇ ਸੁੰਦਰ ਦਿ੍ਸ਼ ਸਥਾਪਿਤ ਕਰਦੀ ਹੋਈ ਜੰਨਤ ਦੇ ਸ਼ਗੁਫਤਾ ਪਹਿਰਾਵੇ ਨੂੰ ਪ੍ਰਤੀਬਿੰਬਿਤ ਕਰਦੀ ਹੈ | ਇਸ ਪਹਾੜੀ ਉਪੱਰ ਸਭ ਤੋਂ ਪਹਿਲਾਂ 1927 ਵਿਚ ਪਿ੍ੰਸ ਆਫ ਵੇਲਜ਼ ਹੋਟਲ ਖੋਲਿ੍ਹਆ ਗਿਆ ਅਤੇ ਗਲੇਸ਼ੀਅਰ ਨੈਸ਼ਨਲ ਪਾਰਕ (ਯੂ.ਐਸ.ਏ.) ਦੀ ਬ ੱਸ ਸੇਵਾ ਸ਼ੁਰੂ ਕੀਤੀ ਗਈ | ਇਹ ਸਥਾਨ ਕਨੇਡਾ ਅਤੇ ਯੂ. ਐਸ. ਏ. ਦੇ ਦਰਮਿਆਨ ਸ਼ਾਂਤੀ, ਸਦਭਾਵਨਾ, ਸਹਿਯੋਗ, ਵਿਸ਼ਵਵਿਆਪੀ ਪ੍ਰੇਮ, ਸਮਾਨਤਾ, ਮਾਨਵ ਕੀਮਤਾਂ ਦਾ ਵਿਕਾਸ, ਨੈਤਿਕ ਭਾਵਨਾ, ਦਿ੍ਸ਼ਟੀ ਦਰਸ਼ਨ ਅਤੇ ਦੇਸ਼-ਵਿਦੇਸ਼ ਦੀ ਮਾਨਵਤਾ ਦਾ ਮਿਲਣ ਉਤਸਵ ਬਣਾ ਕੇ ਇਕ ਸਰਵਉੱਚ ਜੀਵਨ ਭੌਤਿਕ ਸਮਰਿਧੀ ਦਾ ਸੰਦੇਸ਼ ਦਿੰਦਾ ਹੈ | ਇਹ ਦੋਵੇਂ ਹੱਦਾਂ ਪਾਰ ਵਿਰਾਸਤ ਪ੍ਰਬੰਧਨ ਵਿਚ ਸਾਕਾਰਤਮਿਕ ਸਹਿਯੋਗ ਦੀ ਪ੍ਰਤੀਕ ਕਾਰਜ਼ਸ਼ੀਲ ਮਿਸਾਲ ਹੈ | ਇਸ ਸਥਾਨ ਵਿਖੇ ਜੀਵ ਵਿਗਿਆਨ ਦੇ ਭੰਡਾਰ, ਮਨੁੱਖੀ ਅਤੇ ਕੁਦਰਤੀ ਵਾਤਾਵਰਣ, ਪ੍ਰਮੁੱਖ ਟੀਚੇ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ, ਖੋਜ, ਸਿੱਖਿਆ, ਸਿਖਲਾਈ, ਸੁਧਾਰ ਭੂਮੀ, ਪ੍ਰਬੰਧਨ, ਸਥਾਨਕ ਪ੍ਰਾਈਵੇਟ ਜ਼ਿੰਮੀਦਾਰਾ, ਸਰਕਾਰੀ ਏਜੰਸੀਆਂ, ਵੱਡੇ ਆਕਾਰ ਦੇ ਸਾਂਝੇ ਪ੍ਰਾਜੈਕਟ, ਮਨੋਰੰਜਨ ਕਿਰਿਆਵਾਂ ਸਥਾਨ, ਖੂਬਸੂਰਤ ਹੋਟਲ, ਸਾਧਾਰਣ ਰੂਪ ਵਿਚ ਭਿੰਨ ਭਿੰਨ ਸ਼੍ਰੇਣੀ ਦੇ ਅਮੀਰ ਪੌਦੇ, ਅਦਭੁਤ ਖੂਬਸੂਰਤ ਵਿਗਿਆਨ ਵਿਧੀ ਦੀ ਲੈਂਡ ਸਕੇਪਿੰਗ, ਪਹਾੜੀਆਂ ਦੇ ਨਾਰੰਗੀ ਕਿਰਮਚੀ ਕਸੀਦਾਕਾਰੀ ਸ਼ਿਲਪ ਦੇ ਦਿ੍ਸ਼ ਆਪਣੀ ਹੋਂਦ ਨੂੰ ਪ੍ਰਮਾਣਿਕਤਾ ਦਿੰਦੇ ਪ੍ਰਤੀਤ ਹੁੰਦੇ ਹਨ | ਪਿ੍ੰਸ ਆਫ਼ ਵੇਲਜ਼ ਹੋਟਲ ਦਾ ਇਕ ਸ਼ਾਨਦਾਰ ਡਿਜ਼ਾਇਨ ਅਤੇ ਨਾਟਕੀ ਦਿ੍ਸ਼ ਇਸ ਵਾਤਾਵਰਣ ਦਾ ਸਭ ਤੋਂ ਵੱਧ ਮਾਨਤਾ ਪ੍ਰਾਪਤ ਨਿਸ਼ਾਨ ਚਿੰਨ੍ਹ ਹੈ | ਇਹ ਸੁੰਦਰ ਹੋਟਲ ਇਸ ਇਲਾਕੇ ਦਾ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਹੈ ਅਤੇ ਬਹੁਤ ਮਹਿੰਗਾ ਹੋਟਲ ਹੈ | ਇਸ ਹੋਟਲ ਤੋਂ ਝੀਲ ਦੀ ਦੂਰੀ, ਸਾਰਾ ਸ਼ਹਿਰ ਨਜ਼ਰ ਆਉਂਦਾ ਹੈ | ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੀ ਸੋਚ ਨੂੰ ਅਭਿਵਾਦਨ, ਸੱਜਦਾ ਕਰਨਾ ਬਣਦਾ ਹੈ ਕਿਉਂਕਿ ਉਨ੍ਹਾਂ ਦੇ ਇਨ੍ਹਾਂ ਝੀਲਾਂ ਦੀ ਵੰਡ ਨਹੀਂ ਹੋਣ ਦਿੱਤੀ ਕਿਉਂਕਿ ਅੱਧੀ ਝੀਲ ਅਮਰੀਕਾ ਵਿਚ ਅਤੇ ਅੱਧੀ ਝੀਲ ਕਨੇਡਾ ਵਿਚ ਆਉਂਦੀ ਸੀ ਪਰ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਦੇ ਸਾਂਝੀ ਸੋਚ ਅਪਣਾਉਂਦੇ ਹੋਏ ਕਿਹਾ, ਜੀਉਲਜੀ ਕੋਈ ਸੀਮਾਵਾਂ ਨਹੀਂ ਪਛਾਣਦੀ ਅਤੇ ਜਿਵੇਂ ਕਿ ਝੀਲ ਪਈ ਹੈ, ਕੋਈ ਵੀ ਮਨੁੱਖ ਦੁਆਰਾ ਬਣਾਈ ਗਈ ਸੀਮਾਂ ਪਾਣੀ ਨੂੰ ਵੱਖ ਨਹੀਂ ਕਰ ਸਕਦੀ | ਇਸ ਝੀਲ ਦੇ ਰਸਤੇ ਅਮਰੀਕਾ ਦੀ ਹੱਦ ਮੋਨਟਾਨਾ ਵਿਖੇ ਪਹੁੰਚਣ ਲਈ ਇਕ ਸ਼ਾਨਦਾਰ ਇਕ ਮੰਜ਼ਿਲਾ ਕਰੂਜ਼ (ਛੋਟਾ ਸ਼ਿੱਪ) ਦੀ ਵਰਤੋ ਕੀਤੀ ਜਾਂਦੀ ਹੈ | ਵਾਟਰਟਨ ਦਾ ਪ੍ਰਮੁੱਖ ਖਿੱਚ ਦਾ ਕੇਂਦਰ ਅਤੇ ਵਿਸ਼ੇਸ ਮਹੱਤਵਪੂਰਨ ਮਨੋਰੰਜ਼ਨ ਦਾ ਸਾਧਨ ਹੈ ‘ਕਰੂਜ’ | ਕਰੂਜ਼ ਦੇ ਵਿਚ ਬੈਠ ਕੇ ਹੀ ਝੀਲ ਦੇ ਆਲੇ-ਦੁਆਲੇ ਦੇ ਖ਼ੂਬਸੂਰਤ ਵੱਖ-ਵੱਖ ਸ਼੍ਰੇਣੀਆਂ ਦੇ ਪਹਾੜਾਂ ਦਾ ਨਜ਼ਾਰਾ ਲਿਆ ਜਾ ਸਕਦਾ ਹੈ | ਕਰੂਜ ਵਿਚ ਸਫ਼ਰ ਕਰਨ ਦੀ ਟਿਕਟ ਲਗਦੀ ਹੈ ਅਤੇ ਇਸ ਦਾ ਸਮਾਂ ਨਿਰਧਾਰਿਤ ਹੈ | ਸਵੇਰੇ ਦਸ ਵਜੇ, ਇਕ ਵਜੇ ਅਤੇ ਸ਼ਾਮੀ ਚਾਰ ਵਜੇ ਕਰੂਜ਼ ਚਲਦਾ ਹੈ | ਕਿਉਂਕਿ ਇਹ ਝੀਲ ਲਗਭਗ 80 ਕਿਲੋਮੀਟਰ ਲੰਬੀ ਹੈ ਅਤੇ ਕਰੂਜ਼ ਦੇ ਆਉਣ ਜਾਣ ਲਈ ਦੋ ਘੰਟੇ ਲਗਦੇ ਹਨ | ਕਰੂਜ ਵਿਚ ਖ਼ਾਣ-ਪੀਣ ਦਾ ਸਮਾਂ ਨਹੀਂ ਮਿਲਦਾ | ਨਾ ਹੀ ਕੋਈ ਪਖ਼ਾਨਾ ਹੈ | ਖ਼ਾਣ-ਪੀਣ ਦਾ ਸਾਮਾਨ ਨਾਲ ਲੈ ਕੇ ਜਾ ਸਕਦੇ ਹਨ | ਕਰੂਜ਼ ਵਿਚ ਨਿਸ਼ਚਿਤ ਅਤੇ ਨਿਰਧਾਰਿਤ ਸੀਟਾਂ ਹੀ ਹੁੰਦੀਆਂ ਹਨ | ਬੁਕਿੰਗ ਇਕ ਦਿਨ ਪਹਿਲਾਂ ਹੀ ਕਰਵਾਉਣੀਂ ਪੈਂਦੀ ਹੈ | ਕਰੂਜ਼ ਦਾ ਚਾਲਕ ਅਤੇ ਉਸ ਨਾਲ ਉਸ ਦਾ ਇਕ ਸਹਾਇਕ ਹੁੰਦਾ ਹੈ ਜੋ ਕਰੂਜ਼ ਦੇ ਚੱਲਣ ਦੇ ਨਾਲ-ਨਾਲ ਝੀਲ, ਪਹਾੜਾਂ, ਪ੍ਰਾਚੀਨਤਾ ਅਤੇ ਆਧੁਨਿਕ ਇਤਿਹਾਸ ਦੀ ਜਾਣਕਾਰੀ ਸਪੀਕਰ (ਮਾਈਕ) ‘ਤੇ ਦਿੰਦਾ ਰਹਿੰਦਾ ਹੈ | ਜਦ ਕਰੂਜ ਚਲਦਾ ਹੈ ਕੁਝ ਦੇਰ ਬਾਅਦ ਹੀ ਸਰ-ਸਰ ਤੇਜ਼ ਹਵਾਵਾਂ ਪਿਛਾਂਹ ਨੂੰ ਪਿਛਾੜਦੀਆਂ ਹਨ | ਉਚੀਆਂ ਪਹਾੜੀਆਂ ਦੇ ਵਿਚਕਾਰ ਝੀਲ ਵਿਚ ਚਲਦਾ ਕਰੂਜ਼ ਕਿਸੇ ਸਵਰਗ ਤੋਂ ਘੱਟ ਪ੍ਰਤੀਤ ਨਹੀਂ ਹੁੰਦਾ | ਲਗਭਗ ਇਕ ਘੰਟੇ ਬਾਅਦ ਅਮਰੀਕਾ ਦਾ ਬਾਰਡਰ ਮੋਨਟਾਨਾ ਆ ਜਾਂਦਾ ਹੈ ਜਿੱਥੇ ਝੀਲ ਖ਼ਤਮ ਹੋ ਜਾਂਦੀ ਹੈ | ਕਰੂਜ਼ ਦੀ ਉਪਰਲੀ ਤੇ ਹੇਠਲੀ ਮੰਜ਼ਿਲ ਉਪਰ ਬੈਠਣ ਲਈ ਸੀਟਾਂ ਦਾ ਪ੍ਰਬੰਧ ਹੈ | ਫ਼ੋਟੋਗ੍ਰਾਫੀ ਕਰਨ ਦਾ ਇਥੇ ਆਪਣਾ ਹੀ ਲੁਤਫ਼ ਹੈ | ਸੱਜੇ ਖੱਬੇ ਪਹਾੜਾਂ ਵਿਚ ਕੀਤੀ ਗਈ ਵਿਗਿਆਨਕਿ ਤਕਤੀਬ ਨਾਲ ਲੈਂਡ ਸਕੇਪਿੰਗ ਜੰਨਤ ਦੇ ਬੂਹੇ ਖੋਲ੍ਹ ਦਿੰਦੀ ਹੇ | ਜਿੱਥੇ ਕਰੂਜ਼ ਰੁਕਦਾ ਹੈ ਉਸ ਸਰਹੱਦ ਦੇ ਨਾਲ 1926 ਦੇ ਸਮੇਂ ਦੀਆਂ ਸ਼ੈਡਾਂ ਵੀ ਮੌਜੂਦ ਹਨ | ਇੱਥੋਂ ਦੇ ਵਾਤਾਵਰਣ, ਮਨੋਹਾਰੀ ਦਿ੍ਸ਼ ਆਪਣੀ ਸੰਸਕ੍ਰਿਤੀ ਦੇ ਸ਼ਿਲਪ ਦਾ ਨਿਰਮਾਣ ਕਰਦੇ ਨਜ਼ਰ ਆਉਂਦੇ ਹਨ | ਇਹ ਸਰਹੱਦ ਮਾਨਵੀ ਕੀਮਤਾਂ ਦੀ ਸੁੰਦਰਤਾ ਅਤੇ ਪ੍ਰੇਮ ਭਾਵਨਾ ਦੀ ਸੰਵੇਦਨਾ ਦਾ ਸੰਦੇਸ਼ ਦਿੰਦੀ ਹੈ | ਇਥੋਂ ਦਾ ਅਧਿਆਤਮਿਕ ਪਰ ਸਕੂਲ ਵਾਤਾਵਰਣ ਮਨੋਰੰਜ਼ਨ ਦੀ ਨੀਤੀ ਨੂੰ ਜੰਨਤ ਵਿਚ ਤਬਦੀਲ ਕਰ ਦਿੰਦਾ ਹੈ | ਇਥੋਂ ਦਾ ਪ੍ਰਸ਼ਾਸਨ ਸਮਾਜ ਦੇ ਯਾਤਰੀਆਂ ਦੇ ਪ੍ਰਤੀ ਨਿਸ਼ਠਾ, ਕਰਤੱਵ ਭਾਵਨਾ ਨੂੰ ਸਦੈਵ ਅਰਪਿਤ ਕਰਨ ਦੀ ਉਮੰਗ ਵਿਚ ਰਹਿੰਦਾ ਹੈ | ਪ੍ਰਾਚੀਨਤਾ ਅਤੇ ਆਧੁਨਿਕਤਾ ਦਾ ਸੰਯੁਕਤ ਮਿਸ਼ਰਣ ਵੀ ਜੀਵਨ ਨੂੰ ਭੌਤਿਕ ਸਮਰਿਧੀ ਪ੍ਰਦਾਨ ਕਰਦਾ ਹੈ | ਝੀਲ ਦਾ ਨੀਲਾ ਗਹਿਰਾ ਪਾਣੀ ਜਗ੍ਹਾ-ਜਗ੍ਹਾ ‘ਤੇ ਰੰਗ ਬਦਲਦਾ ਸਾਫ਼ ਸ਼ੁੱਧਤਾ ਦਾ ਸੰਦੇਸ਼ ਦਿੰਦਾ ਹੋਇਆ ਆਪਣਾ ਪਥ ਆਪਣੇ ਆਪ ਖੋਲ੍ਹਦਾ ਹੈ | ਜਦ ਕਰੂਜ਼ ਚਲਦਾ ਹੈ ਤਾਂ ਪਿਛਲੇ ਪਾਸੇ ਇਵੇਂ ਮਹਿਸੂਸ ਹੁੰਦਾ ਹੈ ਜਿਵੇਂ ਪਾਣੀ ਨੂੰ ਵੱਡੀ ਮਧਾਣੀ ਨਾਲ ਰਿੜਕਿਆ ਜਾ ਰਿਹਾ ਹੋਵੇ | ਪਾਣੀ ਦਾ ਰਿੜਕਣਾ ਕਈ ਤਰ੍ਹਾਂ ਦੇ ਰੰਗ ਬਣਾਉਂਦਾ ਹੈ ਜਿਵੇਂ ਪਾਣੀ ਉਪਰ ਮੱਖਣ ਤੈਰ ਰਿਹਾ ਹੋਵੇ | ਕਰੂਜ਼ ਦੇ ਸਹਿ ਯਾਤਰੀ ਨੀਤੀ-ਨਿਯਮਾਂ ਦੇ ਪ੍ਰਭੂਤਵ ਵਿਚ ਬੱਝੇ ਹੁੰਦੇ ਹਨ | ਕੋਈ ਵੀ ਉਲੰਘਣ ਨਹੀਂ ਕਰ ਸਕਦਾ | ਸਿਰਜਨਾਤਮਿਕ ਅਤੇ ਵਿਚਾਰ ਦੇ ਸਾਹ ਵੀ ਬਣਾਈ ਰੱਖਣਾ ਜਰੂਰੀ ਹੈ | ਕਰੂਜ਼ ਜਦੋਂ ਚਲਦਾ ਹੋਇਆ ਅੱਗੇ ਵਧਦਾ ਹੈ ਤਾਂ ਨਾਟਕੀਏ ਢੰਗ ਨਾਲ ਅੱਗੇ ਆਉਂਦੇ ਜਗਿਆਸਾਮਈ ਦਿ੍ਸ ਪਰਿਵਰਤਨਾਂ ਦਾ ਸਵਾਗਤ ਕਰਦੇ ਹਨ | ਅਲਬੰਤਾ ਪਰਤ-ਦਰ-ਪਰਤ ਦਿ੍ਸ਼ ਖੁਲ੍ਹਦੇ ਜਾਂਦੇ ਹਨ | ਜਗਿਆਸਾ ਨੂੰ ਸੰਪੂਰਨਤਾ ਦੀ ਆਹਲੂ ਮਿਲਦੀ ਹੈ | ਪਹਾੜਾਂ ਦੀ ਵੀ ਇਕ ਭਾਸ਼ਾ ਹੁੰਦੀ ਹੈ, ਜੋ ਜਿਨ੍ਹਾਂ ਪਹਾੜਾਂ ਦੇ ਪੈਰ੍ਹਾਂ ਵਿਚ ਸ਼ੁੱਧ ਜਲ ਅਰਚਨਾ ਪੂਜਾ ਕਰਦਾ ਹੋਇਆ ਆਸਥਾ ਨਿਰਮਾਣ ਕਰਦਾ ਹੈ, ਉਸ ਭਾਸ਼ਾ ਨੂੰ ਬਹਿਰੇ, ਸੂਰਦਾਸ, ਗੁੰਗੇ-ਬੋਲੇ ਵੀ ਸਮਝ ਸਕਦੇ ਹਨ | ਇਕ ਪਹਾੜ ਇਹ ਤਰ੍ਹਾਂ ਪ੍ਰਤੀਤ ਹੁੰਦੇ ਹਨ ਜਿਸ ਤਰ੍ਹਾਂ ਕੋਈ ਸਾਧੂ ਹੱਥ ਵਿਚ ਕਮੰਡਲ ਅਤੇ ਕਟੋਰੇ ਲੈ ਕੇ ਯਾਤਰਾ ਦਾ ਆਗਮਨ ਕਰ ਰਿਹਾ ਹੋਵੇ | ਪੀਤਾਂਬਰੀ, ਨਾਰੰਗੀ, ਕਿਰਮਚੀ ਪੌਦਿਆਂ ਦੀ ਸੁੰਦਰਤਾ | ਕਰਘਾ ਦੀ ਤਰ੍ਹਾਂ ਪਾਣੀ ਦੀਆਂ ਲਹਿਰਾਂ ਵਿਚ ਬੁਣਦੀਆਂ ਪ੍ਰਤੀਤ ਹੁੰਦੀਆਂ ਹਨ | ਝੀਲ ਦੇ ਛਿਤਲੇ ਪਾਣੀ ਵਿਚ ਬੱਚੇ, ਨੌਜਵਾਨ ਸਭ ਫ਼ੋਟੋ ਖਿਚਵਾਣ ਦੀ ਰੁਚੀ ਰਖਦੇ ਹਨ | ਪਹਾੜ ਦੀਆਂ ਚੋਟੀਆਂ ਕਿਸੇ ਟਿਟਾਉਣੇ ਦਾ ਕਾਰਜ ਵੀ ਕਰਦੀਆਂ ਪ੍ਰਤੀਤ ਹੁੰਦੀਆਂ ਹਨ | ਅੱਖਾਂ ਜਦ ਨਵੇਂ-ਨਵੇਂ ਦਿ੍ਸ਼ ਵੇਖਦੀਆਂ ਹਨ | ਹਿਰਦੇ ਵਿਚ ਖੂਬਸੂਰਤ ਪਲ ਅੰਕੁਰਿਤ ਹੋ ਜਾਂਦੇ ਹਨ | ਵਾਕਿਆ ਹੀ ਇਹ ਸਥਾਨ ਕਿਸੇ ਜੰਨਤ ਤੋਂ ਘੱਟ ਨਹੀਂ |

ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ ਪੰਜਾਬ
ਐਡਮਿੰਟਨ ਕੈਨੇਡਾ 98156-25409 ਵਟਸਐਪ

Related posts

Coronavirus count: Queens leads city with 23,083 cases and 876 deaths

Pritpal Kaur

ਦੁਬਈ ‘ਚ ਸੜਕ ਹਾਦਸੇ ਦੌਰਾਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

On Punjab

World TB Day 2023: ਸ਼ੂਗਰ ਦੇ ਮਰੀਜ਼ਾਂ ‘ਚ ਚਾਰ ਗੁਣਾ ਵਧ ਜਾਂਦੈ ਟੀਬੀ ਦੀ ਲਾਗ ਦਾ ਖ਼ਤਰਾ

On Punjab