ਲੋਕਾਂ ਦੇ ਸਿਹਤ ਪੱਧਰ ਨੂੰ ਸੁਧਾਰਨ ਤੇ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ 7 ਅਪ੍ਰੈਲ ਨੂੰ ਵਰਲਡ ਹੈਲਥ ਡੇਅ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਪ੍ਰਮੁੱਖ ਉਦੇਸ਼ ਦੁਨੀਆ ਦੇ ਹਰੇਕ ਵਿਅਕਤੀ ਨੂੰ ਇਲਾਜ ਦੀਆਂ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ, ਉਨ੍ਹਾਂ ਦੀ ਸਿਹਤ ਬਿਹਤਰ ਬਣਾਉਣਾ, ਉਨ੍ਹਾਂ ਦੇ ਸਿਹਤ ਪੱਧਰ ਨੂੰ ਉੱਚਾ ਚੁੱਕਣ ਤੇ ਸਮਾਜ ਨੂੰ ਬਿਮਾਰੀਆਂ ਪ੍ਰਤੀ ਜਾਗਰੂਕ ਕਰ ਕੇ ਸਿਹਤਯਾਬ ਵਾਤਾਵਰਨ ਬਣਾਉਂਦੇ ਹੋਏ ਸਿਹਤਮੰਦ ਰੱਖਣਾ ਹੈ।
ਕਦੋਂ ਹੋਈ ਸੀ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ
ਵਿਸ਼ਵ ਸਿਹਤ ਸੰਗਠਨ (WHO) ਦੇ ਬੈਨਰ ਹੇਠ ਮਨਾਏ ਜਾਣ ਵਾਲੇ ਇਸ ਦਿਵਸ ਦੀ ਸ਼ੁਰੂਆਤ 7 ਅਪ੍ਰੈਲ 1950 ਨੂੰ ਹੋਈ ਸੀ ਤੇ ਇਹ ਦਿਵਸ ਮਨਾਉਣ ਲਈ ਇਸੇ ਤਰੀਕ ਦਾ ਨਿਰਧਾਰਨ ਡਬਲਯੂਐੱਚਓ ਦੀ ਸਥਾਪਨਾ ਵਰ੍ਹੇਗੰਢ ਨੂੰ ਰੇਖਾਂਕਿਤ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਅਸਲ ਵਿਚ ਪੂਰੇ ਵਿਸ਼ਵ ਨੂੰ ਨਿਰੋਗ ਬਣਾਉਣ ਦੇ ਉਦੇਸ਼ ਤਹਿਤ ਇੰਟਰਨੈਸ਼ਨਲ ਲੈਵਲ ‘ਤੇ ਵਿਸ਼ਵ ਸਿਹਤ ਸੰਗਠਨ ਨਾਂ ਦੀ ਆਲਮੀ ਸੰਸਥਾ ਦੀ ਸਥਾਪਨਾ 7 ਅਪ੍ਰੈਲ 1948 ਨੂੰ ਹੋਈ ਸੀ। ਸੰਗਠਨ ਦੀ ਸਥਾਪਨਾ ਦੇ ਦੋ ਸਾਲ ਬਾਅਦ ਵਿਸ਼ਵ ਸਿਹਤ ਦਿਵਸ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਗਈ।
ਵਿਸ਼ਵ ਸਿਹਤ ਦਿਵਸ ਮਨਾਉਣ ਦਾ ਉਦੇਸ਼
ਇਸ ਸਾਲ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ 71ਵਾਂ ਵਿਸ਼ਵ ਸਿਹਤ ਦਿਵਸ ਮਨਾ ਰਹੀ ਹੈ ਤੇ ਅਜਿਹੇ ਵਿਚ ਇਸ ਦਿਵਸ ਦਾ ਮਹੱਤਵ ਇਸ ਸਾਲ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕੋਰੋਨਾ ਨਾਲ ਲੜੀ ਜਾ ਰਹੀ ਜੰਗ ‘ਚ ਹਰੇਕ ਦੇਸ਼ ਦਾ ਇਹੀ ਯਤਨ ਹੈ ਕਿ ਕੋਰੋਨਾ ਤੋਂ ਜਲਦ ਤੋਂ ਜਲਦ ਛੁਟਕਾਰਾ ਪਾਇਆ ਜਾ ਸਕੇ ਤੇ ਇਸ ਦੇ ਲਈ ਦੁਨੀਆ ਭਰ ‘ਚ ਕੋਵਿਡ ਵੈਕਸੀਨੇਸ਼ਨ ਦਾ ਕੰਮ ਚੱਲ ਵੀ ਰਿਹਾ ਹੈ।