ਵਿਸ਼ਵ ਪੋਲੀਓ ਦਿਵਸ ਹਰ ਸਾਲ ਵਿਸ਼ਵ ‘ਚ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪੋਲੀਓ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਚੁਣਿਆ ਗਿਆ ਹੈ। ਭਾਰਤ ਦੀ ਗੱਲ ਕਰੀਏ ਤਾਂ ਸਾਲ 2014 ਤੋਂ ਲੈ ਕੇ ਹੁਣ ਤਕ ਭਾਰਤ ‘ਚ ਪੋਲੀਓ ਦਾ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਸਾਲ 2014 ‘ਚ ਹੀ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਭਾਰਤ ਨੂੰ ਪੋਲੀਓ ਮੁਕਤ ਐਲਾਨਿਆ ਸੀ ਤੇ ਤਤਕਾਲੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਵਧਾਈ ਦਿੱਤੀ ਸੀ। ਦੂਜੇ ਪਾਸੇ ਹੁਣ ਦੇਸ਼ ‘ਚ ਕੋਰੋਨਾ ਮਹਾਮਾਰੀ ਖਿਲਾਫ ਕੇਂਦਰ ਸਰਕਾਰ ਦੀ ਮੁਹਿੰਮ ਰੰਗ ਲਿਆਉਂਦੀ ਨਜ਼ਰ ਆ ਰਹੀ ਹੈ।
ਕੋਰੋਨਾ ਮਹਾਮਾਰੀ ਦੇ ਵਿਰੁੱਧ ਲੜਾਈ ਹੁਣ ਇਕ ਮੋੜ ਤੇ ਪਹੁੰਚ ਗਈ ਹੈ। ਦੇਸ਼ ‘ਚ 100 ਕਰੋੜ ਕੋਰੋਨਾ ਵੈਕਸੀਨ ਡੋਜ਼ ਦਾ ਅਹਿਮ ਮੀਲ ਪੱਥਰ ਪਾਰ ਕਰ ਲਿਆ ਗਿਆ ਹੈ। ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਸ ਲਈ ਦੇਸ਼ ਦੇ ਲੋਕਾਂ ਤੇ ਸਿਹਤ ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਨਾਲ ਹੀ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵੈਕਸੀਨ ਮੁਹਿੰਮ ਦੇ ਵਿਚਕਾਰ ਅਹਿਮ ਰੁਕਾਵਟਾਂ ਦਾ ਵੀ ਜ਼ਿਕਰ ਕੀਤਾ।
ਭਾਰਤ ‘ਚ ਪੋਲੀਓ ਦੀ ਮੁਹਿੰਮ ਪਿਛਲੇ ਕਈ ਦਹਾਕਿਆਂ ਤੋਂ ਚੱਲ ਰਹੀ ਸੀ ਤੇ ਭਾਰਤ ਦੀਆਂ ਸਾਰੀਆਂ ਸਰਕਾਰਾਂ ਨੇ ਇਸ ਵਿਰੁੱਧ ਲੰਬੀ ਲੜਾਈ ਲੜੀ ਪਰ ਮੋਦੀ ਸਰਕਾਰ ਨੇ ਆਖਰੀ ਰੋਕ ਲਾਉਣ ਮਾਣ ਹਾਸਲ ਕੀਤਾ। ਭਾਰਤ ਨੂੰ ਸਾਲ 2014 ‘ਚ ਪੋਲੀਓ ਮੁਕਤ ਐਲਾਨ ਦਿੱਤਾ ਗਿਆ।
ਵਿਸ਼ਵ ਸਿਹਤ ਸੰਗਠਨ ਨੇ ਭਾਰਤ ਦੀ ਕੀਤੀ ਸੀ ਤਾਰੀਫ਼
ਡਬਲਯੂਐਚਓ ਦੇ ਕਾਰਜਕਾਰੀ ਨਿਰਦੇਸ਼ਕ ਡਾ. ਡਾਕਟਰ ਮਾਈਕਲ ਰਿਆਨ ਨੇ ਕਿਹਾ ਸੀ ਕਿ ਚੀਨ ਵਾਂਗ ਭਾਰਤ ਵੀ ਵੱਡੀ ਆਬਾਦੀ ਵਾਲਾ ਦੇਸ਼ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਦੋ ਗੰਭੀਰ ਬਿਮਾਰੀਆਂ ਚੇਚਕ ਤੇ ਪੋਲੀਓ ਨਾਲ ਲੜਨ ਦਾ ਰਾਹ ਵੀ ਦੁਨੀਆ ਨੂੰ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਚੇਚਕ ਇਕ ਗੰਭੀਰ ਬਿਮਾਰੀ ਸੀ ਜਿਸ ਕਾਰਨ ਹਰ ਸਾਲ ਦੁਨੀਆ ਦੇ ਲੱਖਾਂ ਲੋਕਾਂ ਦੀ ਮੌਤ ਹੋ ਜਾਂਦੀ ਸੀ।
ਵਿਸ਼ਵ ਪੋਲੀਓ ਦਿਵਸ ਦਾ ਇਤਿਹਾਸ
ਰੋਟਰੀ ਇੰਟਰਨੈਸ਼ਨਲ ਨੇ ਵਿਸ਼ਵ ਪੋਲੀਓ ਦਿਵਸ ਮਨਾਉਣਾ ਸ਼ੁਰੂ ਕੀਤਾ ਜਦੋਂ ਰੋਟਰੀ ਇੰਟਰਨੈਸ਼ਨਲ ਨੇ ਪਹਿਲੀ ਪੋਲੀਓ ਵੈਕਸੀਨ ਦੀ ਖੋਜ ਕਰਨ ਵਾਲੀ ਟੀਮ ਦੇ ਮੈਂਬਰ ਜੋਨਸ ਸਾਲਕ ਦੇ ਜਨਮ ਦਿਨ ‘ਤੇ ਵਿਸ਼ਵ ਪੋਲੀਓ ਦਿਵਸ ਦੀ ਸਥਾਪਨਾ ਕੀਤੀ। ਜੋਨਸ ਸਾਲਕ ਦਾ ਜਨਮ ਅਕਤੂਬਰ ਦੇ ਮਹੀਨੇ ‘ਚ ਹੋਇਆ ਸੀ। ਇਸ ਲਈ ਅਕਤੂਬਰ ਦੇ ਮਹੀਨੇ ‘ਚ ਵਿਸ਼ਵ ਪੋਲੀਓ ਦਿਵਸ ਮਨਾਇਆ ਜਾਂਦਾ ਹੈ। ਪਹਿਲੀ ਪੋਲੀਓ ਵੈਕਸੀਨ 1955 ‘ਚ ਲੱਭੀ ਗਈ ਸੀ।
ਹਾਲਾਂਕਿ 1980 ਦੇ ਦਹਾਕੇ ‘ਚ ਪੋਲੀਓ ਵਧੇਰੇ ਪ੍ਰਸਿੱਧ ਹੋ ਗਿਆ ਜਦੋਂ 1 ਲੱਖ ਤੋਂ ਵੱਧ ਬੱਚੇ ਪੋਲੀਓ ਨਾਲ ਸੰਕ੍ਰਮਿਤ ਹੋਏ ਸਨ। ਉਸ ਸਮੇਂ ਵਿਸ਼ਵ ਸਿਹਤ ਸੰਗਠਨ ਨੇ ਪੋਲੀਓ ਟੀਕਾਕਰਨ ਸ਼ੁਰੂ ਕੀਤਾ ਸੀ। ਇਸ ਤਹਿਤ ਬੱਚਿਆਂ ਨੂੰ ਪੋਲੀਓ ਤੋਂ ਬਚਾਉਣ ਲਈ ਵੈਕਸੀਨ ਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਅੱਜ ਇਸ ਟੀਕਾਕਰਨ ਕਾਰਨ ਬਹੁਤ ਸਾਰੇ ਦੇਸ਼ ਪੋਲੀਓ ਮੁਕਤ ਹੋ ਗਏ ਹਨ।
ਭਾਰਤ ‘ਚ ਪੋਲੀਓ ਟੀਕਾਕਰਨ ਦੀ ਸ਼ੁਰੂਆਤ 1995 ‘ਚ ਹੋਈ ਸੀ। ਜਦਕਿ 2012 ‘ਚ ਸਿਹਤ ਸੰਗਠਨ ਨੇ ਭਾਰਤ ਨੂੰ ਪੋਲੀਓ ਪ੍ਰਭਾਵਿਤ ਦੇਸ਼ਾਂ ਦੀ ਸੂਚੀ ‘ਚੋਂ ਹਟਾ ਦਿੱਤਾ ਸੀ। ਪੋਲੀਓ ਤੋਂ ਬਚਾਅ ਲਈ ਇਕ ਟੀਕਾ ਉਪਲਬਧ ਹੈ ਜੋ ਬੱਚਿਆਂ ਨੂੰ ਦਿੱਤਾ ਜਾਂਦਾ ਹੈ। ਇਸ ਨਾਲ ਹੀ ਦੋ ਬੂੰਦ ਦਵਾਈ ਵੀ ਦਿੱਤੀ ਜਾਂਦੀ ਹੈ।