ਦਿੱਗਜ ਖਿਡਾਰੀ ਜੀ ਸਾਥੀਆਨ ਦੀ ਅਗਵਾਈ ਵਿਚ ਭਾਰਤੀ ਮਰਦ ਟੀਮ ਨੇ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਸੋਮਵਾਰ ਨੂੰ ਇੱਥੇ ਫਸਵੇਂ ਮੁਕਾਬਲੇ ਵਿਚ ਕਜ਼ਾਕਿਸਤਾਨ ਨੂੰ 3-2 ਨਾਲ ਹਰਾ ਕੇ ਨਾਕਆਊਟ ਗੇੜ ਵਿਚ ਪੁੱਜਣ ਦੀ ਆਪਣੀ ਉਮੀਦ ਕਾਇਮ ਰੱਖੀ।
ਮਹਿਲਾ ਟੀਮ ਨੇ ਵੀ ਜਰਮਨੀ ਤੋਂ ਮਿਲੀ ਹਾਰ ਤੋਂ ਬਾਅਦ ਮਿਸਰ ਨੂੰ 3-1 ਨਾਲ ਹਰਾ ਕੇ ਪੀ ਕੁਆਰਟਰ ਫਾਈਨਲ ਦੀ ਟਿਕਟ ਪੱਕੀ ਕੀਤੀ। ਮਰਦ ਟੀਮ ਨੂੰ ਗਰੁੱਪ ਦੋ ਦੀ ਸੂਚੀ ਵਿਚ ਸਿਖਰ ‘ਤੇ ਰਹਿਣ ਲਈ ਲੀਗ ਗੇੜ ਦੇ ਆਖ਼ਰੀ ਮੈਚ ਵਿਚ ਫਰਾਂਸ ਨੂੰ ਹਰਾਉਣਾ ਪਵੇਗਾ। ਭਾਰਤੀ ਟੀਮ ਜੇ ਫਰਾਂਸ ਹੱਥੋਂ ਹਾਰ ਜਾਂਦੀ ਹੈ ਤੇ ਜਰਮਨੀ ਕਜ਼ਾਕਿਸਤਾਨ ਨੂੰ ਹਰਾ ਦਿੰਦਾ ਹੈ ਤਾਂ ਭਾਰਤ, ਜਰਮਨੀ ਤੇ ਫਰਾਂਸ ਦੀਆਂ ਟੀਮਾਂ ਦੇ ਬਰਾਬਰ ਅੰਕ ਹੋਣਗੇ। ਜਰਮਨੀ ਨੂੰ ਹਰਾਉਣ ਤੋਂ ਬਾਅਦ ਸਾਥੀਆਨ ਨੇ ਕਜ਼ਾਕਿਸਤਾਨ ਦੇ ਡੇਨਿਸ ਜੋਲੁਦੇਵ ‘ਤੇ 11-1, 11-9, 11-5 ‘ਤੇ ਇਕਤਰਫ਼ਾ ਜਿੱਤ ਦਰਜ ਕੀਤੀ। ਹਰਮੀਤ ਦੇਸਾਈ ਨੂੰ ਹਾਲਾਂਕਿ ਅਗਲੇ ਮੁਕਾਬਲੇ ਵਿਚ ਕਿਰਿਲ ਗੇਰਾਸਿਮੇਂ ਖ਼ਿਲਾਫ਼ 6-11, 8-11, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਨੌਜਵਾਨ ਮਾਨਵ ਠੱਕਰ ਨੇ ਏਲਨ ਕੁਰਮੰਗਲਿਏਵ ਨੂੰ 12-10, 11-1, 11-8 ਨਾਲ ਹਰਾ ਕੇ ਟੀਮ ਦੀ ਬੜ੍ਹਤ ਨੂੰ 2-1 ਕਰ ਦਿੱਤਾ। ਸਾਥੀਆਨ ਨੂੰ ਹਾਲਾਂਕਿ ਚੌਥੇ ਮੁਕਾਬਲੇ ਵਿਚ ਕਿਰਿਲ ਹੱਥੋਂ 6-11, 11-5, 12-14, 11-9, 11-6 ਨਾਲ ਹਾਰ ਸਹਿਣੀ ਪਈ। ਹਰਮੀਤ ਨੇ ਕਜ਼ਾਕਿਸਤਾਨ ਦੀ ਸਭ ਤੋਂ ਕਮਜ਼ੋਰ ਕੜੀ ਜੋਲੁਦੇਵ ਖ਼ਿਲਾਫ਼ 12-10, 11-9, 11-6 ਨਾਲ ਜਿੱਤ ਦਰਜ ਕਰ ਕੇ ਟੀਮ ਨੂੰ ਕਾਮਯਾਬੀ ਦਿਵਾ ਦਿੱਤੀ।
ਮਹਿਲਾਵਾਂ ਦੇ ਮੁਕਾਬਲੇ ਵਿਚ ਸ਼੍ਰੀਜਾ ਅਕੁਲਾ ਨੇ ਮਿਸਰ ਖ਼ਿਲਾਫ਼ ਪਹਿਲਾ ਤੇ ਚੌਥਾ ਮੁਕਾਬਲਾ ਜਿੱਤ ਕੇ ਭਾਰਤ ਦੀ ਨਾਕਆਊਟ ਵਿਚ ਥਾਂ ਪੱਕੀ ਕੀਤੀ। ਜਰਮਨੀ ਖ਼ਿਲਾਫ਼ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਤਜਰਬੇਕਾਰ ਮਨਿਕਾ ਬੱਤਰਾ ਨੇ ਇਸ ਮੈਚ ਵਿਚ ਜਿੱਤ ਦਰਜ ਕੀਤੀ ਪਰ ਦੀਆ ਚਿਤਾਲੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਜਾ ਨੇ ਗੋਦਾ ਹਾਨ ਨੂੰ 11-6, 11-4, 11-1 ਤੇ ਦੀਨਾ ਮਿਸ਼ਰਫ ਨੂੰ 11-8, 11-8, 9-11, 11-6 ਨਾਲ, ਜਦਕਿ ਮਨਿਕਾ ਨੇ ਦੀਨਾ ਨੂੰ 8-11, 11-6, 11-7, 2-11, 11-8 ਨਾਲ ਹਰਾਇਆ।