29.88 F
New York, US
January 6, 2025
PreetNama
ਖੇਡ-ਜਗਤ/Sports News

Year Ender of sports : 2020 ਦਾ ਕੌਮੀ-ਕੌਮਾਂਤਰੀ ਖੇਡ ਦਿ੍ਰਸ਼

ਲੰਘਿਆ ਵਰ੍ਹਾ-2020 ਦੁਨੀਆ ਦੀ ਖੇਡ ਡਾਇਰੀ ’ਚ ਲਿਖਣ ਲਈ ਬਹੁਤ ਕੁਝ ਪਿੱਛੇ ਛੱਡ ਗਿਆ ਹੈ। ਇਸ ਸਾਲ ਦੀ ਅਹਿਮੀਅਤ ਕੋਵਿਡ-19 ਤੋਂ ਇਲਾਵਾ ਮਹਿਨਾਜ਼ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ, ਮਹਾਬਲੀ ਫੁਟਬਾਲਰ ਡਿਆਗੋ ਮੈਰਾਡੋਨਾ ਅਤੇ ਬਾਸਕਟਬਾਲ ਦੇ ਧਨੀ ਖਿਡਾਰੀ ਕੋਬੇ ਬਰਿਯੈਂਟ ਦੇ ਵਿਛੜ ਜਾਣ ਕਰਕੇ ਵੀ ਬਣੀ ਰਹੇਗੀ। ਸਾਲ-2020 ’ਚ ਕੋਰੋਨਾ ਕਾਰਨ ਟੋਕੀਓ ਓਲੰਪਿਕ ਖੇਡਾਂ ਤੇ ਯੂਰੋ ਫੁਟਬਾਲ ਕੱਪ ਮੁਕਾਬਲੇ ਲਈ ਪਿਆ ਹੈ।
ਤੁਰ ਗਿਆ ਭਾਰਤੀ ਹਾਕੀ ਦਾ ਰਤਨ ਬਲਬੀਰ ਸਿੰਘ ਸੀਨੀਅਰ
ਟਰਿੱਪਲ ਓਲੰਪਿਕ ਹਾਕੀ ਗੋਲਡ ਮੈਡਲਿਸਟ ਅਤੇ ਦੁਨੀਆ ਦੇ ਮਹਾਨ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ 25 ਮਈ, 2020 ਨੂੰ ਦਿਲ ਦਾ ਦੌਰਾ ਪੈਣ ਕਾਰਨ ਸਵਰਗਵਾਸ ਹੋ ਗਏ। ਉਨ੍ਹਾਂ 10 ਅਕਤੂਬਰ, 2019 ’ਚ 95 ਬਸੰਤਾਂ ਭੋਗ ਕੇ 96ਵੇਂ ਸਾਲ ’ਚ ਕਦਮ ਰੱਖਿਆ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਮੈਂ ਵਿਰੋਧੀ ਟੀਮਾਂ ’ਤੇ ਸੈਂਕੜੇ ਗੋਲ ਸਕੋਰ ਕੀਤੇ ਹਨ ਪਰ ਹੁਣ ਮੌਤ ਦੀ ਵਾਰੀ ਹੈ ਜਦੋਂ ਚਾਹੇ ਮੇਰੇ ’ਤੇ ਗੋਲ ਦਾਗ ਸਕਦੀ ਹੈ। ਬਲਬੀਰ ਸਿੰਘ ਸੀਨੀਅਰ ਦਾ ਜਨਮ ਨਾਨਕਾ ਪਿੰਡ ਹਰੀਪੁਰ ਖ਼ਾਲਸਾ, ਜ਼ਿਲ੍ਹਾ ਮੋਗਾ ’ਚ 10 ਅਕਤੂਬਰ, 1924 ਨੂੰ ਹੋਇਆ। ਬਲਬੀਰ ਸਿੰਘ ਦਾ ਪਿੰਡ ਪੁਆਧੜਾ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ’ਚ ਪੈਂਦਾ ਹੈ। ਉਨ੍ਹਾਂ ਦੀ ਮਾਤਾ ਦਾ ਨਾਂ ਕਰਮ ਕੌਰ ਦੁਸਾਂਝ ਸੀ। ਉਸ ਦੇ ਪਿਤਾ ਗਿਆਨੀ ਦਲੀਪ ਸਿੰਘ ਦੁਸਾਂਝ ਸੁਤੰਤਰਤਾ ਸੈਨਾਨੀ ਸਨ। ਬਲਬੀਰ ਸਿੰਘ ਦੀ ਪਤਨੀ ਸੁੁਸ਼ੀਲ ਕੌਰ ਲਾਹੌਰ ਤੋਂ ਸਨ।
ਕੌਮੀ ਤੇ ਕੌਮਾਂਤਰੀ ਹਾਕੀ ਦੇ ਗਲਿਆਰਿਆਂ ’ਚ ਬਲਬੀਰ ਸਿੰਘ ਸੀਨੀਅਰ ਦਾ ਵੱਡਾ ਨਾਂ ਸੀ। ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਸਿੰਘ ਤੋਂ ਬਾਅਦ ਬਲਬੀਰ ਸਿੰਘ ਸੀਨੀਅਰ ਦੂਜੇ ਖਿਡਾਰੀ ਹਨ, ਜਿਨ੍ਹਾਂ ਨੂੰ ਬਤੌਰ ਖਿਡਾਰੀ, ਉਪ-ਕਪਤਾਨ ਤੇ ਕਪਤਾਨ ਵਜੋਂ ਓਲੰਪਿਕ ਹਾਕੀ ਦੇ ਤਿੰਨ ਗੋਲਡ ਮੈਡਲ ਜਿੱਤਣ ਦਾ ਮੁਕਾਮ ਹਾਸਲ ਹੋਇਆ। ਆਲਮੀ ਹਾਕੀ ’ਚ ਬਲਬੀਰ ਸਿੰਘ ਸੀਨੀਅਰ ਨੂੰ ਭਾਰਤ ਦੇ ਦੂਜੇ ਧਿਆਨ ਚੰਦ ਸਿੰਘ ਦਾ ਰੁਤਬਾ ਹਾਸਲ ਹੋਇਆ। ਬਲਬੀਰ ਸਿੰਘ ਸੀਨੀਅਰ ਨੂੰ ਵਿਸ਼ਵ ਦਾ ਸਭ ਤੋਂ ਖ਼ਤਰਨਾਕ ਸੈਂਟਰ ਫਾਰਵਰਡ ਮੰਨਿਆ ਗਿਆ, ਜਿਸ ਕਰਕੇ ਉਸ ਨੂੰ ‘ਟੈਰਰ ਆਫ ਡੀ’ ਖਿਡਾਰੀ ਵਜੋਂ ਮਾਨਤਾ ਵੀ ਮਿਲੀ। ‘ਪਦਮਸ਼੍ਰੀ ਤੇ ਅਰਜੁਨਾ ਅਵਾਰਡੀ’ ਬਲਬੀਰ ਸਿੰਘ ਸੀਨੀਅਰ ਨੇ ਲੰਡਨ-1948, ਹੇਲਸਿੰਕੀ-1952 ਅਤੇ ਮੈਲਬਰਨ-1956 ਦੇ ਲਗਾਤਾਰ ਤਿੰਨ ਓਲੰਪਿਕ ਅਡੀਸ਼ਨਾਂ ’ਚ ਸ਼ਮੂਲੀਅਤ ਕਰ ਕੇ ਓਲੰਪਿਕ ਸੋਨ ਤਗਮਿਆਂ ਦੀ ਹੈਟਰਿੱਕ ਜੜਨ ਦਾ ਖੇਡ ਕਾਰਨਾਮਾ ਕੀਤਾ ਹੋਇਆ ਹੈ। ਹੇਲਸਿੰਕੀ ਤੇ ਮੈੈਲਬਰਨ ਓਲੰਪਿਕ ’ਚ ਜਿੱਥੇ ਉਹ ਮਾਰਚ ਪਾਸਟ ’ਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਰਹੇ ਉੱਥੇ ਮੈਲਬਰਨ ਓਲੰਪਿਕ ’ਚ ਹਾਕੀ ਟੀਮ ਦੀ ਕਮਾਨ ਵੀ ਬਲਬੀਰ ਸੀਨੀਅਰ ਦੇ ਹੱਥ ਸੀ। ਲੰਡਨ ਓਲੰਪਿਕ ’ਚ ਬਲਬੀਰ ਸੀਨੀਅਰ ਨੇ 13 ਗੋਲਾਂ ’ਚੋਂ ਆਪਣੀ ਹਾਕੀ ’ਚੋਂ 8 ਗੋਲ ਕੱਢੇ ਅਤੇ ਹੇਲਸਿੰਕੀ ਓਲੰਪਿਕ ’ਚ 13 ’ਚੋਂ 9 ਗੋਲ ਕਰਨ ਦਾ ਸੁਭਾਗ ਪ੍ਰਾਪਤ ਕੀਤਾ। 1954 ਦੇ ਸਿੰਘਾਪੁਰ ਤੇ ਮਲੇਸ਼ੀਆ ਟੂਰ ’ਚ 16 ਮੈਚਾਂ ’ਚ 121 ’ਚੋਂ 83 ਗੋਲ ਤੇ 1955 ’ਚ ਨਿਊਜ਼ੀਲੈਂਡ ਤੇ ਆਸਟਰੇਲੀਆ ਟੂਰ ’ਚ 37 ਮੈੈਚਾਂ 203 ’ਚੋਂ 141 ਗੋਲ ਬਲਬੀਰ ਸਿੰਘ ਦੇ ਖਾਤੇ ’ਚ ਜਮ੍ਹਾਂ ਹੋਏ। ਬਲਬੀਰ ਸਿੰਘ ਸੀਨੀਅਰ ਦੀ ਖੇਡ ਦੀ ਖ਼ੁਸ਼ਖਤੀ ਇਹ ਵੀ ਰਹੀ ਕਿ ਕੌਮੀ ਤੇ ਕੌਮਾਂਤਰੀ ਹਾਕੀ ਖੇਡਦਿਆਂ ਰੈਫਰੀ ਵਲੋਂ ਉਸ ਨੂੰ ਫਾਊਲ ਖੇਡਣ ਕਰਕੇ ਕਦੇ ਵੀ ਚਿਤਾਵਨੀ ਵਜੋਂ ਰੈੱਡ ਜਾਂ ਪੀਲਾ ਕਾਰਡ ਨਹੀਂ ਵਿਖਾਇਆ ਗਿਆ। ਅਜੀਤਪਾਲ ਸਿੰਘ ਦੀ ਕਪਤਾਨੀ ’ਚ ਜਦੋਂ ਭਾਰਤੀ ਟੀਮ ਨੇ ਵਿਸ਼ਵ ਕੱਪ ਜਿੱਤਿਆ ਤਾਂ ਟੀਮ ਦੇ ਮੈਨੇਜਰ ਤੇ ਮੁੱਖ ਕੋਚ ਬਲਬੀਰ ਸੀਨੀਅਰ ਹੀ ਸਨ।ਆਲਮੀ ਫੁੱਟਬਾਲ ਦਾ ਚਿੱਟਾ ਮੋਤੀ ਸੀ ਮੈਰਾਡੋਨਾ
25 ਨਵੰਬਰ, 2020 ਨੂੰ ਸੰਸਾਰ ਨੂੰ ਅਲਵਿਦਾ ਆਖਣ ਵਾਲੇ ਅਰਜਨਟੀਨਾ ਦੇ ਨਾਬਰ ਫੁੱਟਬਾਲਰ ਮੈਰਾਡੋਨਾ ਦਾ ਪੂਰਾ ਨਾਂ ਡਿਆਗੋ ਅਰਮਾਡੋ ਮੈਰਾਡੋਨਾ ਫਰੈਂਕੋ ਸੀ। ਉਸ ਦਾ ਜਨਮ ਅਕਤੂਬਰ 30, 1960 ’ਚ ਡਿਆਗੋ ਮੈਰਾਡੋਨਾ ਚੀਟੋਰੋ ਸੀਨੀਅਰ ਦੇ ਗ੍ਰਹਿ ਵਿਖੇ ਅਰਜਨਟੀਨਾ ਪ੍ਰਸਿੱਧ ਸ਼ਹਿਰ ਬਿਊਨਿਸ ਆਈਰਸ ਦੇ ਨੇੜਲੇ ਕਸਬੇ ਲੈਨਜ਼ ’ਚ ਡਲਮਾ ਸਲਵਾਡੋਰਾ ਫਰੈਂਕੋ ਡੋਨਾ ਦੀ ਕੁੱਖੋਂ ਹੋਇਆ। ਉਸ ਦਾ ਪਿਤਾ ਇਟਾਲੀਅਨ ਅਤੇ ਮਾਤਾ ਕਰੋਸ਼ੀਅਨ ਮੂਲ ਦੇ ਸਨ। ਮੈਰਾਡੋਨਾ ਤਿੰਨ ਭੈਣਾਂ ਤੋਂ ਛੋਟਾ ਅਤੇ ਦੋ ਭਰਾਵਾਂ ਹੂਗੋ ਤੇ ਰਾਊਲ ਤੋਂ ਵੱਡਾ ਸੀ। ਨਵੰਬਰ 7, 1984 ’ਚ ਮੈਰਾਡੋਨਾ ਨੇ ਆਪਣੀ ਮਹਿਲਾ ਦੋਸਤ ਵਿਲਾਫਨੇ ਕਲੌਡੀਆ ਨੂੰ ਆਪਣੀ ਜੀਵਨ ਸਾਥਣ ਬਣਾਇਆ। 20 ਅਕਤੂਬਰ, 1976 ’ਚ ਮੈਰਾਡੋਨਾ ਨੂੰ 16ਵੇਂ ਜਨਮ ਦਿਨ ਤੋਂ 10 ਦਿਨ ਪਹਿਲਾਂ ਅਰਜਨਟੀਨਾ ਦੀ ਜੂਨੀਅਰ ਟੀਮ ’ਚ ਬਰੇਕ ਮਿਲੀ। ਕੌਮੀ ਜੂਨੀਅਰ ਟੀਮ ਲਈ 1976 ਤੋਂ 1981 ਤਕ ਖੇਡਣ ਸਦਕਾ ਮੈਰਾਡੋਨਾ ਨੇ 167 ਮੈਚਾਂ ’ਚ 115 ਗੋਲ ਦਾਗਣ ਦਾ ਅਨੋਖਾ ਖੇਡ ਕਾਰਨਾਮਾ ਕਰ ਵਿਖਾਇਆ ਜੋ ਉਸ ਦੇ ਕੌਮੀ ਸੀਨੀਅਰ ਟੀਮ ’ਚ ਦਾਖ਼ਲਾ ਗੇਟ ਖੋਲ੍ਹਣ ਲਈ ਬਹੁਤ ਸੀ।
ਸਪੇਨ ਦੇ ਫੁੱਟਬਾਲ ਕਲੱਬ ਐੱਫਸੀ ਬਾਰਸੀਲੋਨਾ ਨੇ ਜਦੋਂ ਫੀਫਾ ਤੋਂ ਮੈਰਾਡੋਨਾ ਦੀ ਟਰਾਂਸਫਰ ਮੰਗੀ ਤਾਂ ਉਸ ਵੇਲੇ ਦੁਨੀਆ ਦੇ ਸਭ ਤੋਂ ਮਹਿੰਗੇ ਫੱੁਟਬਾਲਰ ਦੀ ਖੇਡ ਫੀਸ 5 ਮਿਲੀਅਨ ਪੌਂਡ ਸੀ ਪਰ ਮੈਰਾਡੋਨਾ ਨੇ ਸਪੇਨੀ ਕਲੱਬ ਤੋਂ ਮੂੰਹ ਮੰਗੀ 7.6 ਮਿਲੀਅਨ ਪੌਂਡ ਦੀ ਡੀਲ ਸਾਈਨ ਕਰ ਕੇ ਵਿਸ਼ਵ ਦਾ ਸਭ ਤੋਂ ਮਹਿੰਗਾ ਫੱੁਟਬਾਲਰ ਬਣਨ ਦਾ ਮਾਣ ਖੱਟਿਆ। ਮੈੈਰਾਡੋਨਾ ਨੇ ਜਦੋਂ ਨਾਪੋਲੀ ਕਲੱਬ ਤੋਂ ਰੁਖਸਤ ਹੋਇਆ ਤਾਂ ਇਟਲੀ ਦੇ ਕਲੱਬ ਵਲੋਂ ਅਰਜਨਟੀਨੀ ਫੁੱਟਬਾਲਰ ਦੇ ਸਨਮਾਨ ’ਚ ਉਸ ਦੀ 10 ਨੰਬਰੀ ਜਰਸੀ ਨੂੰ ਵੀ ਮੈਰਾਡੋਨਾ ਦੇ ਨਾਲ ਸਦਾ ਲਈ ਰਿਟਾਇਰ ਕਰ ਦਿੱਤਾ ਗਿਆ। ਅਰਜਨਟੀਨੀ ਕੌਮੀ ਟੀਮ ’ਚ ਮੈਰਾਡੋਨਾ ਨੂੰ 16 ਸਾਲਾ ਉਮਰ ’ਚ 27 ਫਰਵਰੀ, 1977 ’ਚ ਹੰਗਰੀ ਵਿਰੁੱਧ ਪਲੇਠਾ ਕੌਮਾਂਤਰੀ ਮੈਚ ਖੇਡਣ ਦਾ ਸੁਭਾਗ ਹਾਸਲ ਹੋਇਆ। 18 ਸਾਲ ਦੀ ਉਮਰ ’ਚ ਮੈਰਾਡੋਨਾ ਦੇ ਭਾਗ ਉਦੋਂ ਜਾਗ ਪਏ ਜਦੋਂ ਵਰਲਡ ਯੂਥ ਚੈਂਪੀਅਨਸ਼ਿਪ ’ਚ ਕੌਮੀ ਟੀਮ ਵਲੋਂ ਰੂਸ ਖ਼ਿਲਾਫ਼ ਖੇਡਦਿਆਂ ਖਿਤਾਬੀ ਜਿੱਤ ਦਰਜ ਕੀਤੀ। ਮੈਰਾਡੋਨਾ ਨੇ ਇਸ ਟੂਰਨਾਮੈਂਟ ਦੌਰਾਨ ਸੀਨੀਅਰ ਕੌਮੀ ਟੀਮ ਵਲੋਂ ਸਕਾਟਲੈਂਡ ਵਿਰੁੱਧ 2 ਜੂਨ, 1979 ’ਚ ਹੈਂਪਡੇਨ ਪਾਰਕ ਸਟੇਡੀਅਮ ’ਚ ਖੇਡਦਿਆਂ ਆਪਣੇ ਖੇਡ ਕਰੀਅਰ ਦਾ ਪਹਿਲਾ ਗੋਲ ਸਕੋਰ ਕੀਤਾ। ਮੈਰਾਡੋਨਾ ਹੀ ਦੁਨੀਆ ਦਾ ਨਿਵੇਕਲਾ ਫੁਟਬਾਲਰ ਹੈ, ਜਿਸ ਨੂੰ ਦੋਵੇਂ ਫੀਫਾ ਅੰਡਰ-20 ਵਿਸ਼ਵ ਫੁਟਬਾਲ ਕੱਪ, ਫੀਫਾ ਸੰਸਾਰ ਫੁਟਬਾਲ ਕੱਪ ਦੇ 1979 ਅਤੇ 1986 ਦੇ ਫੁਟਬਾਲ ਟੂਰਨਾਮੈਂਟ ’ਚ ‘ਗੋਲਡਨ ਬਾਲ’ ਜਿੱਤਣ ਦਾ ਮਾਣ ਨਸੀਬ ਹੋਇਆ ਹੈ। ਮੈਰਾਡੋਨਾ ਨੇ ਸਪੇਨ-1982 ਦਾ ਆਲਮੀ ਫੁੱਟਬਾਲ ਕੱਪ ਖੇਡਣ ਸਦਕਾ ਵਿਸ਼ਵ ਫੁੱਟਬਾਲ ਦੇ ਮੈਦਾਨ ’ਚ ਕਦਮ ਰੱਖਿਆ। ਮੈਕਸੀਕੋ ’ਚ 1986 ’ਚ ਖੇਡੇ ਗਏ ਸੰਸਾਰ ਫੁੱਟਬਾਲ ਕੱਪ ’ਚ ਅਰਜਨਟੀਨੀ ਟੀਮ ਨੇ ਮੈਰਾਡੋਨਾ ਦੀ ਅਗਵਾਈ ’ਚ ਖਿਤਾਬੀ ਜਿੱਤ ਹਾਸਲ ਕਰ ਕੇ ਬੱਲੇ-ਬੱਲੇ ਕਰਵਾਈ। ਮੈਰਾਡੋਨਾ ਮੈਕਸੀਕੋ ਵਿਸ਼ਵ ਕੱਪ ਦੇ ਮੈਦਾਨ ’ਚ ਅਰਜਨਟੀਨੀ ਟੀਮ ਨਾਲ ਹਰ ਪਲ ਮੈਦਾਨ ’ਚ ਵਿਚਰਿਆ, ਜਿਸ ਦੌਰਾਨ ਉਸ ਨੇ ਪੰਜ ਗੋਲ ਕਰਨ ਦਾ ਵੱਡਾ ਮਾਅਰਕਾ ਮਾਰਿਆ। ਮੈਰਾਡੋਨਾ ਨੇ ਇੰਗਲੈਂਡ ਖ਼ਿਲਾਫ਼ ਕੁਆਟਰਫਾਈਨਲ ’ਚ ਦੋ ਗੋਲ ਦਾਗ ਆਪਣੀ ਖੇਡ ਦਾ ਰੰਗ ਫੁੱਟਬਾਲ ਦੀਆਂ ਚਾਰੇ ਕੂੰੂਟਾਂ ’ਚ ਵਿਖੇੇਰਿਆ। ਮੈਰਾਡੋਨਾ ਵਲੋਂ ਕੁਆਟਰਫਾਈਨਲ ’ਚ ਗੋਰਿਆਂ ਵਿਰੁੱਧ ਕੀਤੇ ਦੋਵੇਂ ਗੋਲਾਂ ਨੂੰ ਫੀਫਾ ਵਲੋਂ ਅਲੱਗ-ਅਲੱਗ ਨਾਂ ਦਿੱਤੇ ਗਏ। ਪਹਿਲੇ ਗੋਲ ਨੂੰ ਮੈਰਾਡੋਨਾ ਵਲੋਂ ਹੈੱਡ ਦੀ ਬਜਾਏ ਹੱਥ ਨਾਲ ਬੌਲੀ ਕਰਨ ਸਦਕਾ ‘ਹੈਂਡ ਆਫ ਗੌਡ’ ਦਾ ਦਰਜਾ ਦਿੱਤਾ ਗਿਆ ਜਦਕਿ 60 ਗਜ਼ ਰੇਖਾ ਤੋਂ ਮੈਰਾਡੋਨਾ ਵਲੋਂ ਚਾਰ-ਪੰਜ ਵਿਰੋਧੀ ਪਲੇਅਰਾਂ ਨੂੰ ਝਕਾਨੀ ਦੇਂਦਿਆਂ ਕੀਤੇ ਦੂਜੇ ਸ਼ਾਨਦਾਰ ਗੋਲ ਨੂੰ ‘ਸਦੀ ਦਾ ਬਿਹਤਰੀਨ ਗੋਲ’ ਆਂਕਿਆ ਗਿਆ। ਜਰਮਨੀ ਖ਼ਿਲਾਫ਼ ਉਸ ਸਮੇਂ ਇਕ ਲੱਖ ਪੰਦਰਾਂ ਹਜ਼ਾਰ ਖੇਡ ਦਰਸ਼ਕਾਂ ਦੀ ਰਿਕਾਰਡ ਹਾਜ਼ਰੀ ’ਚ ਅਜ਼ਟੇਕਾ ਸਟੇਡੀਅਮ ਦੇ ਮੈਦਾਨ ’ਚ ਖੇਡੇ ਫਾਈਨਲ ’ਚ ਅਰਜਨਟੀਨਾ ਦੇ ਸਟਰਾਈਕਰ ਜਨਟੀਨਾ ਜੌਰਜ ਬੁਰੁਚਾਗਾ ਵਲੋਂ ਮੈਰਾਡੋਨਾ ਵਲੋਂ ਦਿੱਤੇ ਸ਼ਾਨਦਾਰ ਪਾਸ ’ਤੇ ਇਕੋ-ਇਕ ਜੇਤੂ ਗੋਲ ਦਾਗਿਆ ਗਿਆ ਜਿਹੜਾ ਜਰਮਨੀ ਦੀ ਟੀਮ ਲਈ ‘ਕੱਫਣ ਦਾ ਕਿੱਲ’ ਸਾਬਤ ਹੋਇਆ। ਫੀਫਾ ਦੀ ਖੇਡ ਜਿਊਰੀ ਵਲੋਂ ਮੈਰਾਡੋਨਾ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਐਲਾਨ ਕੇ ‘ਗੋੋਲਡਨ ਬਾਲ’ ਲਈ ਨਾਮਜ਼ਦ ਕੀਤਾ ਗਿਆ। ਜੇਤੂ ਅਰਜਨਟੀਨੀ ਟੀਮ ਵਲੋਂ ਟੂਰਨਾਮੈਂਟ ’ਚ ਕੀਤੇ ਗਏ 14 ਗੋਲਾਂ ’ਚੋਂ 10 ’ਚੋਂ ਪੰਜ ਮੈਰਾਡੋਨਾ ਦੇ ਪੈਰਾਂ ’ਚ ਨਿਕਲੇ ਜਦਕਿ ਟੀਮ ਦੇ ਸਾਥੀ ਖਿਡਾਰੀਆਂ ਨੂੰ ਪੰਜ ਗੋਲ ਕਰਾਉਣ ਲਈ ਜ਼ਮੀਨ ਮੈਰਾਡੋਨਾ ਵਲੋਂ ਤਿਆਰ ਕੀਤੀ ਗਈ।
ਇਟਲੀ-1990 ’ਚ ਖੇਡੇ ਗਏ ਫੀਫਾ ਸੰਸਾਰ ਫੁੱਟਬਾਲ ਕੱਪ ਦੇ ਫਾਈਨਲ ’ਚ ਇਕ ਵਾਰ ਫੇਰ ਜਰਮਨ ਅਤੇ ਅਰਜਨਟੀਨਾ ਦੇ ਫੁੱਟਬਾਲਰ ਆਹਮੋ-ਸਾਹਮਣੇ ਹੋਏ ਪਰ ਇਸ ਵਾਰ ਜਰਮਨੀ ਦੇ ਖਿਡਾਰੀਆਂ ਨੇ 1986 ਦੀ ਹਾਰ ਦੀ ਭਾਜੀ ਤਾਰਦਿਆਂ ਅਰਜਨਟੀਨੀ ਟੀਮ ਨੂੰ ਚਾਂਦੀ ਦਾ ਕੱਪ ਜਿੱਤਣ ਲਈ ਮਜਬੂਰ ਕਰ ਦਿੱਤਾ। ਅਮਰੀਕਾ-1994 ਦੇ ਸੰਸਾਰ ਕੱਪ ’ਚ ਮੈਰਾਡੋਨਾ ਨੂੰ ਕੇਵਲ ਦੋ ਮੈਚ ਹੀ ਖੇਡਣੇ ਨਸੀਬ ਹੋਏ ਕਿਉਂਕਿ ਇਸ ਦੌਰਾਨ ਉਸ ਦਾ ਡਰੱਗ ਟੈਸਟ ਪਾਜ਼ੇਟਿਵ ਪਾਇਆ ਗਿਆ, ਜਿਸ ਕਰਕੇ ਫੀਫਾ ਨੇ ਉਸ ’ਤੇ ਤੁਰੰਤ ਪਾਬੰਦੀ ਆਇਦ ਕਰ ਦਿੱਤੀ। ਮੈਰਾਡੋਨਾ ਨੇ ਕੌਮਾਂਤਰੀ ਖੇਡ ਕਰੀਅਰ ਦੌਰਾਨ ਖੇਡੇ 91 ਕੌਮਾਂਤਰੀ ਮੈਚਾਂ ’ਚ ਸ਼ਾਨਦਾਰ 34 ਗੋਲ ਦਾਗਣ ਦਾ ਕਰਿਸ਼ਮਾ ਕਰ ਵਿਖਾਇਆ। ਫੀਫਾ ਵਲੋਂ ਰੁਸਤਮ ਖਿਡਾਰੀ ਮੈਰਾਡੋਨਾ ਨੂੰ ਬਰਾਜ਼ੀਲ ਦੇ ਪੇਲੇ ਨਾਲ ਸਾਂਝੇ ਰੂਪ ’ਚ ਫੀਫਾ ਵਲੋਂ ‘ਸਦੀ ਦਾ ਮਹਾਨ ਫੁੱਟਬਾਲਰ’ ਐੈਲਾਨ ਕੇ ਦੋਵਾਂ ਦਾ ਜ਼ਿਊਰਿਖ ’ਚ ਸਨਮਾਨ ਕੀਤਾ ਗਿਆ।
ਆਪਣੇ ਖੇਡ ਸਟਾਇਲ ਖੱਬੇ ਪੈਰ ਨਾਲ ਬਹੁਤਾ ਖੇਡਣ ਵਾਲਾ ਮੈਰਾਡੋਨਾ ਸੱਜਾ ਪੈਰ ਕੇਵਲ ਬਾਲ ਕੰਟਰੋਲ ਕਰਨ ਲਈ ਅੱਗੇ ਕਰਦਾ ਸੀ। 1999 ’ਚ ਮੈਰਾਡੋਨਾ ਨੂੰ ਅਰਜਨਟੀਨਾ ਦੇ ‘ਕੋਨੇਕਸ ਡਾਇਮੰਡ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਜਿਹੜਾ ‘ਕੋਨੈਕਸ ਫਾਊਂਡੇਸ਼ਨ’ ਵਲੋਂ ਦੇਸ਼ ਦੀਆਂ ਖ਼ਾਸ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ। ਮੈਰਾਡੋਨਾ ਦੇਸ਼ ਦਾ ਪਹਿਲਾ ਖਿਡਾਰੀ ਹੈ, ਜਿਸ ਨੂੰ ਇਹ ‘ਕੋਨੇਕਸ ਡਾਇਮੰਡ ਐਵਾਰਡ’ ਹਾਸਲ ਕਰਨ ਦਾ ਮਾਣ ਨਸੀਬ ਹੋਇਆ।
2002 ’ਚ ਫੀਫਾ ਵਲੋਂ ਕਰਵਾਈ ਵੋਟਿੰਗ ’ਚ ਮੈਰਾਡੋਨਾ ਵਲੋਂ 1986 ਦੇ ਆਲਮੀ ਫੁੱਟਬਾਲ ਕੱਪ ’ਦੇ ਕੁਆਟਰਫਾਈਨਲ ’ਚ ਇੰਗਲੈਂਡ ਖ਼ਿਲਾਫ਼ ਕੀਤੇ ਦੂਜੇ ਗੋਲ ਨੂੰ ਫੀਫਾ ਵਲੋਂ 20ਵੀਂ ਸਦੀ ਦਾ ‘ਅੱਵਲਤਰੀਨ ਗੋਲ’ ਚੁਣਿਆ ਗਿਆ। ਲੰਡਨ ਤੋਂ ਛਪਦੇ ਨਿਊਜ਼ ਪੇਪਰ ‘ਦਿ ਟਾਈਮ’ ਵਲੋਂ ਪਹਿਲੇ ਦਸ ਫੀਫਾ ਸੰਸਾਰ ਫੁੱਟਬਾਲ ਮੁਕਾਬਲਿਆਂ ਦੇ ‘ਬੈਸਟ ਸੌਕਰ ਪਲੇਅਰ’ ਦੇ ਮੁਕਾਬਲੇ ’ਚੋਂ ਵੀ ਡਿਆਗੋ ਮੈਰਾਡੋਨਾ ਬਾਜ਼ੀ ਮਾਰ ਗਿਆ। ਮੈਰਾਡੋਨਾ ਨੇ ਪੇਲੇ ਨਾਲ ‘ਸਦੀ ਦਾ ਬੈਸਟ ਪਲੇਅਰ’ ਬਣਨ ਦੀ ਦੌੜ ਸਮੇਂ ਉਭਰੇ ਮਤਭੇਦਾਂ ਦਾ ਅੰਤ ਕਰਦਿਆਂ ਉਸ ਨੂੰ ਘਰ ਬੁਲਾ ਕੇ ਆਪਣਾ ਸੱਚਾ ਫੁੱਟਬਾਲ ਮਿੱਤਰ ਐਲਾਨਿਆ। ਮੈਰਾਡੋਨਾ ਨੇ ਪੇਲੇ ਨਾਲ ਬਿਤਾਏ ਪਲਾਂ ਨੂੰ ‘ਦਿ ਨਾਈਟ ਆਫ ਦਿ 10 ਨੰਬਰ ਜਰਸੀ’ ਦਾ ਸਨਮਾਨਜਨਕ ਨਾਂ ਦਿੱਤਾ।
ਮੈਰਾਡੋਨਾ ਦੀ ਆਈਲੈਂਡ ’ਚ 1994 ਅਮਰੀਕਾ ਫੁੱਟਬਾਲ ਕੱਪ ’ਚ ਕੇਵਲ ਦੋ ਮੈਚ ਖੇਡਣ ਤੋਂ ਬਾਅਦ ਮੈਰਾਡੋਨਾ ਦਾ ਡਰੱਗ ਟੈਸਟ ਫੇਲ੍ਹ ਹੋਣ ਕਰਕੇ ਫੀਫਾ ਨੇ ਉਸ ’ਤੇ ਤੁਰੰਤ ਪਾਬੰਦੀ ਆਈਦ ਕਰ ਦਿੱਤੀ। ਮੈਰਾਡੋਨਾ ਨੇ ਬਾਅਦ ’ਚ ਇਕਬਾਲ ਕੀਤਾ ਸੀ ਕਿ 1983 ’ਚ ਬਾਰਸੀਲੋਨਾ ਤੋਂ ਉਸ ਨੇ ਡਰੱਗ ਦਾ ਸੇਵਨ ਕਰਨਾ ਸ਼ੁਰੂ ਕੀਤਾ ਸੀ। ਜਦੋਂ ਜਨਵਰੀ 4, 2000 ’ਚ ਉਸ ਨੇ ਫੁੱਟਬਾਲ ਨੂੰ ਮੁਕੰਮਲ ਤੌਰ ’ਤੇ ਅਲਵਿਦਾ ਕਹੀ ਉਦੋਂ ਉਹ ਪੂਰੀ ਤਰ੍ਹਾਂ ਨਸ਼ਿਆਂ ਦੀ ਜਕੜ ’ਚ ਫਸਿਆ ਹੋਇਆ ਸੀ।ਫਾਨੀ ਸੰਸਾਰ ਤੋਂ ਚਲਾ ਗਿਆ ਬਲਬੀਰ ਕੁਲਾਰ ਪੰਜਾਬ ਵਾਲਾ
ਸੰਸਾਰ ਹਾਕੀ ਦੇ ਮਹਾਬਲੀ ਬਲਬੀਰ ਸਿੰਘ ਸੀਨੀਅਰ ਤੋਂ ਕੁੱਝ ਮਹੀਨੇ ਪਹਿਲਾਂ 28 ਫਰਫਰੀ, 2020 ਨੂੰ ਹਾਕੀ ਦਾ ਨਾਬਰ ਖਿਡਾਰੀ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਹਾਕੀ ਪ੍ਰੇਮੀਆਂ ਨੂੰ ਵਿਛੋੜਾ ਦੇ ਕੇ ਮੌਤ ਦੀ ਗੋਦ ’ਚ ਚਲਾ ਗਿਆ। ਹਾਕੀ ਓਲੰਪੀਅਨ ਬਲਬੀਰ ਸਿੰਘ ਕੁਲਾਰ ਦਾ ਜਨਮ ਅਗਸਤ-8, 1942 ’ਚ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ’ਚ ਊਧਮ ਸਿੰਘ ਕੁਲਾਰ ਦੇ ਗ੍ਰਹਿ ਵਿਖੇ ਹੋਇਆ। ਫਰਵਰੀ-2001 ’ਚ ਡੀਆਈਜੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਬਲਬੀਰ ਸਿੰਘ ਦਾ ਪੁੱਤਰ ਅਤੇ ਦੋਵੇਂ ਧੀਆਂ ਅਮਰੀਕਾ ਸੈਟਲ ਹਨ। ਕੌਮੀ ਅਤੇ ਕੌਮਾਂਤਰੀ ਹਾਕੀ ’ਚ ਨਾਂ ਕਮਾਉਣ ਵਾਲੇ ਪਿੰਡ ਸੰਸਾਰਪੁਰ ਦੇ ਤਿੰਨ ਬਲਬੀਰ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਮੈਦਾਨ ’ਚ ਨਿੱਤਰੇ, ਜਿਨ੍ਹਾਂ ’ਚ ਬਲਬੀਰ ਸਿੰਘ ਕੁਲਾਰ (ਜੂਨੀਅਰ) ’ਤੇ ਏਸ਼ਿਆਈ ਹਾਕੀ ਖੇਡਣ ਸਦਕਾ ਕੌਮਾਂਤਰੀ ਹਾਕੀ ਖਿਡਾਰੀ ਅਤੇ ਬਲਬੀਰ ਸਿੰਘ ਕੁਲਾਰ (ਪੰਜਾਬ ਪੁਲੀਸ ਵਾਲਾ) ਅਤੇ ਕਰਨਲ ਬਲਬੀਰ ਸਿੰਘ ਕੁਲਾਰ (ਸੈਨਾ ਵਾਲਾ) ਦੀ ਪਿੱਠ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ।
ਬਲਬੀਰ ਸਿੰਘ ਕੁਲਾਰ ਜੂਨੀਅਰ ਅਤੇ ਸੈਨਾ ਵਾਲੇ ਕਰਨਲ ਬਲਬੀਰ ਸਿੰਘ ਕੁਲਾਰ ਤੋਂ ਬਾਅਦ ਪੰਜਾਬ ਪੁਲੀਸ ਵਾਲਾ ਬਲਬੀਰ ਸਿੰਘ ਕੁਲਾਰ ਇਕੋ ਨਾਂ ਵਾਲਾ ਸੰਸਾਰਪੁਰ ਦਾ ਤੀਜਾ ਕੌਮੀ ਅਤੇ ਕੌਮਾਂਤਰੀ ਹਾਕੀ ਖਿਡਾਰੀ ਹੈ। ਕੌਮੀ ਹਾਕੀ ’ਚ ਰੇਲਵੇ, ਪੰਜਾਬ ਸਟੇਟ, ਪੰਜਾਬ ਪੁਲੀਸ ਅਤੇ ਆਲ ਇੰਡੀਆ ਪੁਲੀਸ ਦੀਆਂ ਟੀਮਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਬਲਬੀਰ ਸਿੰਘ ਕੁਲਾਰ ਨੂੰ ਮੈਕਸੀਕੋ-1968 ਦੀ ਓਲੰਪਿਕ ਹਾਕੀ ਤੇ ਬੈਂਕਾਕ-1966 ਦੀ ਏਸ਼ਿਆਈ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਮੈਕਸੀਕੋ ਓਲੰਪਿਕ ਪਿ੍ਰਥੀਪਾਲ ਸਿੰਘ ਅਤੇ ਗੁਰਬਖਸ਼ ਸਿੰਘ ਦੀ ਸਾਂਝੀ ਕਪਤਾਨੀ ’ਚ ਕੌਮੀ ਟੀਮ ਨੇ ਤੀਜੀ-ਚੌਥੀ ਪੁਜ਼ੀਸ਼ਨ ਲਈ ਖੇਡੇ ਮੈਚ ਜਰਮਨੀ ਨੂੰ ਹਰਾ ਕੇ ਤਾਂਬੇ ਦਾ ਤਗਮਾ ਹਾਸਲ ਕੀਤਾ। ਬੈਂਕਾਕ-1966 ਦੀਆਂ ਏਸ਼ਿਆਈ ਖੇਡਾਂ ’ਚ ਜਦੋਂ ਸ਼ੰਕਰ ਲਕਸ਼ਮਨ ਦੀ ਕਪਤਾਨੀ ’ਚ ਕੌਮੀ ਹਾਕੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਪਲੇਠਾ ਗੋਲਡ ਮੈਡਲ ਜਿੱਤਿਆ ਉਸ ਟੀਮ ’ਚ ਵੀ ਪੰਜਾਬ ਪੁਲੀਸ ਵਾਲੇ ਬਲਬੀਰ ਸਿੰਘ ਤੋਂ ਇਲਾਵਾ ਕਰਨਲ ਬਲਬੀਰ ਸਿੰਘ ਕੁਲਾਰ (ਫ਼ੌਜ ਵਾਲਾ) ਅਤੇ ਬਲਬੀਰ ਸਿੰਘ ਗਰੇਵਾਲ (ਰੇਲਵੇ ਵਾਲਾ) ਭਾਵ ਤਿੰਨ ਬਲਬੀਰ ਪਲੇਇੰਗ ਇਲੈਵਨ ’ਚ ਖੇਡਣ ਲਈ ਮੈਦਾਨ ’ਚ ਦਾਖ਼ਲ ਹੋਏ। ਇਥੇ ਹੀ ਬਸ ਨਹੀਂ, ਪਹਿਲਾ ਏਸ਼ਿਆਈ ਸੋਨ ਤਗਮਾ ਜਿੱਤਣ ਵਾਲੀ ਕੌਮੀ ਹਾਕੀ ਟੀਮ ਦੇ ਦਸਤੇ ’ਚ ਸੰਸਾਰਪੁਰ ਦੇ ਚਾਰ ਹਾਕੀ ਖਿਡਾਰੀ ਜਗਜੀਤ ਸਿੰਘ ਕੁਲਾਰ, ਤਰਸੇਮ ਸਿੰਘ ਕੁਲਾਰ, ਦੋ ਬਲਬੀਰ ਪੰਜਾਬ ਪੁਲੀਸ ਵਾਲਾ ਅਤੇ ਸੈਨਾ ਵਾਲਾ ਬਲਬੀਰ ਸ਼ਾਮਲ ਸਨ। ਕੌਮਾਂਤਰੀ ਹਾਕੀ ’ਚ ਚੰਗੀ ਪਾਰੀ ਖੇਡਣ ਸਦਕਾ ਭਾਰਤ ਸਰਕਾਰ ਵਲੋਂ 1999 ’ਚ ‘ਅਰਜੁਨਾ ਐਵਾਰਡ’ ਅਤੇ 2009 ’ਚ ‘ਪਦਮਸ਼੍ਰੀ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ।
ਜਹਾਨੋਂ ਕੂਚ ਕਰ ਗਿਆ ਓਲੰਪੀਅਨ ਫੁੱਟਬਾਲਰ ਪੀਕੇ ਬੈਨਰਜੀ
ਤਿੰਨ ਏਸ਼ਿਆਈ ਅਤੇ ਦੋ ਓਲੰਪਿਕ ਖੇਡਾਂ ’ਚ ਦੇਸ਼ ਦੀ ਰਾਸ਼ਟਰੀ ਫੱੁਟਬਾਲ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਪੀਕੇ ਬੈਨਰਜੀ, 20 ਮਾਰਚ, 2020 ਨੂੰ ਕੋਲਕਾਤਾ ’ਚ ਫੁੱਟਬਾਲ ਪ੍ਰੇਮੀਆਂ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ। ਪੀਕੇ ਬੈਨਰਜੀ ਦੀ ਦੇਸ਼ ਤੋਂ ਬਾਅਦ ਏਸ਼ੀਆ ਦੀ ਫੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆ ਦੀ ਫੁੱਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। 50 ਸਾਲ ਦੇਸ਼ ਦੀ ਫੁੱਟਬਾਲ ਨਾਲ ਖਿਡਾਰੀ ਅਤੇ ਬਤੌਰ ਕੋਚ ਜੁੜੇ ਰਹੇ ਪਰਦੀਪ ਕੁਮਾਰ ਬੈਨਰਜੀ ਨੂੰ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜੇਤੂ ਟੀਮ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਹਾਸਲ ਹੋਇਆ। ਪੀਕੇ ਬੈਨਰਜੀ ਨੂੰ 20ਵੀਂ ਸਦੀ ’ਚ ਫੱੁਟਬਾਲ ਨੂੰ ਦਿੱਤੀਆਂ ਵੱਡਮੁੱਲੀਆਂ ਸੇਵਾਵਾਂ ਸਦਕਾ ਆਈਐੱਫਐੱਫਐੱਚਅੱੈਸ (ਦਿ ਇੰਟਰਨੈਸ਼ਨਲ ਫੈਡਰੇਸ਼ਨ ਆਫ ਫੁਟਬਾਲ ਹਿਸਟਰੀ ਐਂਡ ਸਟੈਟਿਸਟੀਕਸ) ਵਲੋਂ ‘ਭਾਰਤ ਦਾ ਮਹਾਨ ਫੁੱਟਬਾਲਰ’ ਐਲਾਨਿਆ ਗਿਆ। ਫੀਫਾ ਵਲੋਂ 2004 ’ਚ ‘ਆਡਰ ਆਫ ਮੈਰਿਟ’ ਦੇ ਖਿਤਾਬ ਨਾਲ ਨਿਵਾਜੇ ਗਏ ਪੀਕੇ ਬੈਨਰਜੀ ਨੂੰ ਕਰੀਬ 10 ਸਾਲ ਬਤੌਰ ਕੋਚ ਭਾਰਤੀ ਟੀਮ ਨੂੰ ਟਰੇਂਡ ਕਰਨ ਦਾ ਸੁਭਾਗ ਹਾਸਲ ਹੋਇਆ। 1999 ’ਚ ਭਾਰਤੀ ਫੁੱਟਬਾਲ ਟੀਮ ਦੇ ਤਕਨੀਕੀ ਡਾਇਰੈਕਟਰ ਰਹੇ ਪੀਕੇ ਬੈਨਰਜੀ ਨੂੰ ਕੇਂਦਰੀ ਖੇਡ ਮੰਤਰਾਲੇ ਵਲੋਂ 1961 ’ਚ ‘ਅਰਜੁਨਾ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਰੋਮ-1960 ਓਲੰਪਿਕ ’ਚ ਕੌਮੀ ਟੀਮ ਦੀ ਕਪਤਾਨੀ ਕਰਨ ਵਾਲੇ ਪੀਕੇ ਬੈਨਰਜੀ ਨੇ 1952 ’ਚ 15 ਸਾਲ ਦੀ ਨਿਆਣੀ ਉਮਰ ’ਚ ਬਿਹਾਰ ਸਟੇਟ ਵਲੋਂ ਸੰਤੋਸ਼ ਟਰਾਫੀ ਖੇਡਣ ਸਦਕਾ ਨੈਸ਼ਨਲ ਫੁੱਟਬਾਲ ਦੇ ਮੈਦਾਨ ’ਚ ਕਦਮ ਰੱਖਿਆ। 1955 ’ਚ ਢਾਕਾ ’ਚ ਖੇਡੇ ਜਾਂਦੇ ਕੌਡਰੈਂਗੂਲਰ ਫੁਟਬਾਲ ਟੂਰਨਾਮੈਂਟ ’ਚ ਸ੍ਰੀਲੰਕਾ ਵਿਰੁੱਧ ਦਸੰਬਰ-18, 1955 ’ਚ ਕੌਮਾਂਤਰੀ ਪਾਰੀ ਦਾ ਆਗਾਜ਼ ਕਰਨ ਵਾਲੇ ਪੀਕੇ ਬੈਨਰਜੀ ਨੇ 1966 ’ਚ ਆਪਣੇ ਸ਼ੂਜ਼ ਕਿੱਲੀ ’ਤੇ ਟੰਗ ਦਿੱਤੇ। 45 ਕੌਮਾਂਤਰੀ ਮੈਚਾਂ ’ਚ 15 ਗੋਲ ਦਾਗਣ ਵਾਲਾ ਸਟਰਾਈਕਰ ਪੀਕੇ ਬੈਨਰਜੀ ਮੌਜੂਦਾ ਸਮੇਂ ਤਿ੍ਰਣਮੂਲ ਕਾਂਗਰਸ ਦੇ ਸੰਸਦ ਮੈਂਬਰ ਸਨ।
ਸੌਕਰ ਟੀਮ ਦਾ ਸਾਬਕਾ ਕਪਤਾਨ ਚੂਨੀ ਗੋਸਵਾਮੀ ਕਰ ਗਿਆ ਚਲਾਣਾ
ਦੇਸ਼ ਦੇ ਮਹਾਨ ਫੁੱਟਬਾਲ ਖਿਡਾਰੀ ਚੂਨੀ ਗੋਸਵਾਮੀ, 30 ਅਪਰੈਲ, 2020 ਨੂੰ ਕੋਲਕਾਤਾ ’ਚ ਸਵਰਗਵਾਸ ਹੋ ਗਏ। ਦੋ ਓਲੰਪਿਕ ਅਤੇ ਦੋ ਏਸ਼ਿਆਈ ਖੇਡਾਂ ’ਚ ਦੇਸ਼ ਦੀ ਰਾਸ਼ਟਰੀ ਫੁੱਟਬਾਲ ਟੀਮ ਦੀ ਨੁਮਾਇੰਦਗੀ ਕੀਤੀ। ਗੋਸਵਾਮੀ ਦੀ ਕੌਮੀ ਅਤੇ ਕੌਮਾਂਤਰੀ ਫੱੁਟਬਾਲ ਨੂੰ ਵੱਡੀ ਦੇਣ ਸੀ, ਜਿਸ ਸਦਕਾ ਉਹ ਦੁਨੀਆ ਦੀ ਫੁੱਟਬਾਲ ਦੇ ਸੁਨਹਿਰੇ ਕਾਲ ਦੇ ਸਦਾ ਗਵਾਹ ਬਣੇ ਰਹਿਣਗੇ। ਦੇਸ਼ ਦੀ ਫੁੱਟਬਾਲ ਨਾਲ ਕਰੀਬ 46 ਸਾਲ ਖਿਡਾਰੀ ਅਤੇ ਬਤੌਰ ਕੋਚ ਜੁੜੇ ਰਹੇ ਚੂਨੀ ਗੋਸਵਾਮੀ ਜਕਾਰਤਾ-1962 ਦੀਆਂ ਏਸ਼ਿਆਈ ਖੇਡਾਂ ’ਚ ਸੋਨ ਤਗਮਾ ਜੇਤੂ ਦੇਸ਼ ਦੀ ਸੌਕਰ ਟੀਮ ਦੇ ਕਪਤਾਨ ਸਨ। 16 ਕੌਮਾਂਤਰੀ ਫੁੱਟਬਾਲ ਮੈਚਾਂ ’ਚ ਕੌਮੀ ਸੌਕਰ ਟੀਮ ਦੀ ਕਪਤਾਨੀ ਕਰਨ ਵਾਲੇ ਚੂਨੀ ਗੋਸਵਾਮੀ ਨੂੰ 04 ਸਾਲ ਟਾਟਾ ਫੁੱਟਬਾਲ ਅਕੈਡਮੀ ’ਚ ਡਾਇਰੈਕਟਰ ਦੇ ਅਹੁਦੇ ’ਤੇ ਬਿਰਾਜਮਾਨ ਰਹਿਣ ਦਾ ਹੱਕ ਨਸੀਬ ਹੋਇਆ। ਏਸ਼ੀਅਨ ਗੇਮਜ਼ ਟੋਕੀਓ-1958 ’ਚ ਮਿਆਂਮਾਰ ਵਿਰੱਧ ਕੌਮਾਂਤਰੀ ਪਾਰੀ ਦਾ ਆਗ਼ਾਜ਼ ਕਰਨ ਵਾਲੇ ਚੂਨੀ ਗੋਸਵਾਮੀ ਨੇ ਰੋਮ-1960 ਅਤੇ ਟੋਕੀਓ-1964 ਓਲੰਪਿਕ ’ਚ ਕੌਮੀ ਟੀਮ ਦੀ ਨੁਮਾਇੰਦਗੀ ਕੀਤੀ। ਕੇਂਦਰੀ ਖੇਡ ਮੰਤਰਾਲੇ ਵਲੋਂ 1963 ’ਚ ‘ਅਰਜੁਨਾ ਐਵਾਰਡ’ ਨਾਲ ਨਿਵਾਜੇ ਗਏ ਚੂਨੀ ਗੋਸਵਾਮੀ ਨੂੰ 2005 ’ਚ ‘ਮੋਹਨ ਬਾਗਾਨ ਰਤਨਾ ਐਵਾਰਡ’ ਨਾਲ ਸਨਮਾਨਿਆ ਗਿਆ। 1983 ’ਚ ‘ਪਦਮਸ਼੍ਰੀ ਐਵਾਰਡ’ ਨਾਲ ਨਿਵਾਜੇ ਗਏ ਗੋਸਵਾਮੀ ਨੂੰ ਮਡਰੇਕਾ ਫੁੱਟਬਾਲ ਕੱਪ ’ਚ ਚਾਂਦੀ ਦਾ ਤਗਮਾ ਜੇਤੂ ਟੀਮ ਦਾ ਕਪਤਾਨ ਬਣਨ ਦਾ ਰੁਤਬਾ ਹਾਸਲ ਹੋਇਆ।
ਕੌਮੀ ਅਤੇ ਕੌਮਾਂਤਰੀ ਫੁੱਟਬਾਲ ’ਚ ਚੰਗਾ ਨਾਮਣਾ ਖੱਟਣ ਵਾਲੇ ਚੂਨੀ ਗੋਸਵਾਮੀ ਨੇ ਫਸਟ ਕਲਾਸ ਿਕਟ ’ਚ ਕਮਾਲ ਦੇ ਹਰਫਨਮੌਲਾ ਖਿਡਾਰੀ ਸਨ। ਚੂਨੀ ਗੋਸਵਾਮੀ ਦੀ ਕਪਤਾਨੀ ’ਚ ਬੰਗਾਲ ਦੀ ਟੀਮ 1971-72 ’ਚ ਰਣਜੀ ਿਕਟ ਟਰਾਫੀ ਦੇ ਫਾਈਨਲ ’ਚ ਪਹੁੰਚੀ ਪਰ ਬਰੈਬੋਰਨੇ ਿਕਟ ਸਟੇਡੀਅਮ ਦੀ ਪਿੱਚ ’ਤੇ ਕਪਤਾਨ ਅਜੀਤ ਵਾਡੇਕਰ ਦੀ ਮੁੰਬਈ ਿਕਟ ਟੀਮ ਤੋਂ ਹਾਰਨ ਸਦਕਾ ਉਪ-ਜੇਤੂ ਬਣਨ ਦਾ ਅਧਿਕਾਰ ਮਿਲਿਆ।
ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ ਗੋਲਡਨ ਬੋਆਏ ਕੋਬੇ ਬਰਿਯੈਂਟ
26 ਜਨਵਰੀ, 2020 ਨੂੰ ਵਿਸ਼ਵ ਦੇ ਮਹਾਬਲੀ ਬਾਸਕਟਬਾਲਰ ਕੋਬੇ ਬਰਿਯੈਂਟ ਦੀ ਹਵਾਈ ਹਾਦਸੇ ’ਚ ਹੋਈ ਬੇਵਕਤੀ ਮੌਤ ਨੇ ਖੇਡ ਪ੍ਰੇਮੀਆਂ ਨੂੰ ਹਿਲਾ ਕੇ ਰੱਖ ਦਿੱਤਾ। ਅਮਰੀਕਾ ਅਤੇ ਐਨਬੀਏ ਲੀਗ ਦੇ ਨਾਬਰ ਬਾਸਕਟਬਾਲਰ ਕੋਬੇ ਬਰਿਯੈਂਟ ਨਾਲ ਉਸ ਦੀ 5 ਫੁੱਟ-10 ਇੰਚ ਲੰਮੀ, 13 ਸਾਲਾ ਬਾਸਕਟਬਾਲ ਖਿਡਾਰਨ ਧੀ ਗਿਯਾਨਾ ਦਾ ਵੀ ਮੌਤ ਨੇ ਸ਼ਿਕਾਰ ਕਰ ਲਿਆ। ਇਸ ਮਨਹੂਸ ਚੌਪਰ ’ਚ ਪਾਇਲਟ ਸਮੇਤ ਸਵਾਰ ਸੱਤ ਹੋਰ ਵੀ ਮੌਤ ਦੇ ਘਾਟ ਉਤਰ ਗਏ। ਇਹ ਸਾਰੇ ਜਣੇ ਉਚੇਚੇ ਤੌਰ ’ਤੇ ਬਾਸਕਟਬਾਲ ਦਾ ਉਹ ਮੈਚ ਦੇਖਣ ਜਾ ਰਹੇ ਸਨ, ਜਿਸ ’ਚ ਕੋਬੇ ਦੀ ਧੀ ਗਿਯਾਨਾ ਅਤੇ ਦੋ ਹੋਰ ਖਿਡਾਰਨ 12 ਸਾਲਾ ਅਲੀਸਾ ਅਲਟੋਬੇਲੀ ਤੇ 13 ਸਾਲਾ ਪੇਟਾਨ ਚੇਸਟਰ ਨੇ ਵੀ ਬਾਸਕਟ ਕੋਰਟ ’ਚ ਨਿੱਤਰਨਾ ਸੀ। 41 ਸਾਲਾ ਕੋਬੇ ਨੇ 2016 ’ਚ ਬਾਸਕਟ ਕੋਰਟ ਨੂੰ ਬਾਇ-ਬਾਇ ਆਖਿਆ ਸੀ। ਐਨਬੀਏ ਟੀਮ ਡਲਾਸ ਮੇਵਰੀਕਸ ਨੇ ਕੋਬੇ ਦੇ ਸਨਮਾਨ ’ਚ ਉਸ ਦੀ 24 ਨੰਬਰੀ ਜਰਸੀ ਨੂੰ ਵੀ ਸਦਾ ਲਈ ਰਿਟਾਇਰ ਕਰ ਦਿੱਤਾ ਸੀ।
ਕੋਬੇ ਬਰਿਯੈਂਟ ਨੂੰ ਬਾਸਕਟਬਾਲ ’ਚ ਉਹ ਮੁਕਾਮ ਹਾਸਲ ਹੋਇਆ ਜਿਹੜਾ ਫੱੁਟਬਾਲ ਪੇਲੇ ਅਤੇ ਮੈਰਾਡੋਨਾ, ਵਿਸ਼ਵ ਹਾਕੀ’ਚ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਸਿੰਘ, ਮਹਿਲਾ ਬਾਸਕਟਬਾਲ ’ਚ ਅਮਰੀਕਾ ਦੀ ਕੇਨਡੇਸ ਪਾਰਕਰ ਅਤੇ ਤੇਜ਼ ਦੌੜਾਂ ’ਚ ਫਰਾਟਾ ਕਿੰਗ ਓਸੇਨ ਬੋਲਟ ਨੂੰ ਨਸੀਬ ਹੋਇਆ। ਸਾਲ-2016 ’ਚ ਕੋਬੇ ਨੇ ਕੈਰੀਅਰ ਦਾ ਆਖ਼ਰੀ ਮੈਚ ਖੇਡਿਆ ਤਾਂ ਨੱਕੋ-ਨੱਕ ਭਰੇ ਸਟੇਡੀਅਮ ’ਚ ਖੇਡ ਪ੍ਰੇਮੀ ਉਸ ਨੂੰ ਅਜੇ ਹੋਰ ਬਾਸਕਟਾਂ ਪਾਉਂਦੇ ਤੱਕਣ ਲਈ ਤਰਲੇ ਲੈ ਰਹੇ ਸਨ।
ਦੇਸ਼ ਦੀ ਕੌਮੀ ਬਾਸਕਟਬਾਲ ਟੀਮ ਦੀ ਬੀਜਿੰਗ-2008 ਅਤੇ ਲੰਡਨ-2012 ਓਲੰਪਿਕ ’ਚ ਨੁਮਾਇੰਦਗੀ ਕਰਨ ਵਾਲਾ ਕੋਬੇ ਬਰਿਯੈਂਟ ਕੁੱਲ ਆਲਮ ਦੀ ਬਾਸਕਟਬਾਲ ਲੀਗ ਦੇ ਇਤਿਹਾਸ ’ਚ ਪਹਿਲਾ ਨਿਵੇਕਲਾ ਯੰਗ ਖਿਡਾਰੀ ਸੀ, ਜਿਸ ਨੂੰ 34 ਸਾਲ, 104 ਦਿਨ ’ਚ 30,000 ਪੁਆਇੰਟ ਆਪਣੇ ਖਾਤੇ ’ਚ ਜਮ੍ਹਾਂ ਕਰਨ ਦਾ ਹੱਕ ਹਾਸਲ ਹੋਇਆ। ਇਸ ਤੋਂ ਪਹਿਲਾਂ ਕੋਬੇ ਨੂੰ 29 ਸਾਲ 122 ਦਿਨਾਂ ’ਚ 20,000 ਦਾ ਸਕੋਰ ਬਣਾਉਣ ਸਦਕਾ ਦੁਨੀਆ ਦਾ ਯੰਗੈਸਟ ਖਿਡਾਰੀ ਨਾਮਜ਼ਦ ਹੋਣ ਮਾਣ ਨਸੀਬ ਹੋਇਆ, ਜਿਸ ਨੂੰ ਬਾਅਦ ’ਚ ਅਮਰੀਕੀ ਲੀਗ ਖੇਡਣ ਵਾਲੇ ਨਿਊਯਾਰਕ ਨਿਕਸ ਦੇ ਖਿਡਾਰੀ ਲੇਬਰੋਨ ਜੇਮਜ਼ ਨੇ ਬਰੇਕ ਕੀਤਾ। ਇੱਥੇ ਹੀ ਬਸ ਨਹੀਂ ਕੋਬੇ ਬੀਅਨ ਬਰਿਯੈਂਟ ਦੁਨੀਆ ਦਾ ਇਕੋ ਇਕ ਮੀਰੀ ਖਿਡਾਰੀ ਸੀ, ਜਿਸ ਨੇ ਕਰੀਅਰ ’ਚ 25 ਅੰਕ ਪ੍ਰਤੀ ਮੈਚ ਦੀ ਔਸਤ ਨਾਲ 33,643 ਪੁਆਇੰਟਾਂ ਦਾ ਖ਼ਜ਼ਾਨਾ ਆਪਣੇ ਖਾਤੇ ’ਚ ਜਮ੍ਹਾਂ ਕੀਤਾ। ਸਾਲ-2008 ’ਚ ਐੱਨਬੀਏ ਦਾ ਫਾਈਨਲ ਹਾਰਨ ਤੋਂ ਬਾਅਦ ਵੀ ਕੋਬੇ ਲੀਗ ਦਾ ‘ਮੋਸਟ ਵੈਲੀਓਏਬਲ ਪਲੇਅਰ’ ਚੁਣਿਆ ਗਿਆ। ਕੋਬੇ, 1962 ’ਚ ਇਕ ਗੇਮ ਦੌਰਾਨ 100 ਅੰਕ ਬਣਾਉਣ ਵਾਲੇ ਬਾਸਕਟਬਾਲਰ ਵਿਲਟ ਚੈਂਬਰਲੇਨ ਤੋਂ ਬਾਅਦ ਦੁਨੀਆ ਦਾ ਦੂਜਾ ਸਰਵੋਤਮ ਸਕੋਰਰ ਹੈ, ਜਿਸ ਨੂੰ 2006 ’ਚ ਟੋਰਾਂਟੋ ਰਾਪਟਰਜ਼ ਵਿਰੁੱਧ ਖੇਡਦਿਆਂ 81 ਪੁਆਇੰਟ ਆਪਣੇ ਖਾਤੇ ’ਚ ਪਾਉਣ ਦਾ ਐਜਾਜ਼ ਹਾਸਲ ਹੋਇਆ। ਬਲੈਕ ਮਾਂਬਾ ਦੇ ਨਾਂ ਨਾਲ ਮਸ਼ਹੂਰ ਕੋਬੇ ਨੇ 2016 ’ਚ ਬਾਸਕਟ ਕੋਰਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਚੀਨ ਦੀ ਈ-ਕਾਮਰਸ ਕੰਪਨੀ ਅਲੀਬਾਬਾ ’ਚ 100 ਮਿਲੀਅਨ ਡਾਲਰ ਦੀ ਇੰਵੈਸਟਮੈਂਟ ਕੀਤੀ ਸੀ। ਸਾਲ-2018 ’ਚ ਕੋਬੇ ਨੂੰ ਡੀਅਰ ਬਾਸਕਟਬਾਲ ਲਈ ਬੈਸਟ ਐਨਮੇਟੇਡ ਸ਼ਾਰਟ ਫਿਲਮ ਦਾ ‘ਆਸਕਰ ਐਵਾਰਡ’ ਦਿੱਤਾ ਗਿਆ। ਕੋਬੇ ਬਰਿਯੈਂਟ ਹੈਲੀਕਾਪਟਰ ਦੀ ਸਵਾਰੀ ਦੇ ਸ਼ੌਕੀਨ ਸਨ। ਇਸੇ ਸ਼ੌਕ ਨੂੰ ਪਾਲਣ ਸਦਕਾ ਕੋਬੇ ਨੇ ਆਪਣਾ ਹੈਲੀਕਾਪਟਰ ਖ਼ਰੀਦਿਆ ਹੋਇਆ ਸੀ। ਕੋਬੇ ਐੱਨਬੀਏ ਦਾ ਹਰ ਮੈਚ ਖੇਡਣ ਲਈ ਆਪਣੇ ਹੈਲੀਕਾਪਟਰ ’ਤੇ ਹੀ ਜਾਂਦਾ ਸੀ।
ਕੋਬੇ ਨੇ ਕਈ ਮਿਊਜ਼ਿਕ ਵੀਡੀਓਜ਼ ’ਚ ਕੰਮ ਕੀਤਾ ਸੀ। ਇਸੇ ਦੌਰਾਨ ਕੋਬੇ ਦੀ ਮੁਲਾਕਾਤ ਵਨੇਸਾ ਲੇਨ ਨਾਲ ਹੋਈ। ਇਥੋਂ ਜਾਣ-ਪਛਾਣ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਡੇਟਿੰਗ ਕਰਨ ਲੱਗੇ। ਕੋਬੇ ਤੇ ਵਨੇਸਾ ਸਾਲ-2001 ’ਚ ਸ਼ਾਦੀ ਬੰਧਨ ’ਚ ਬੱਝ ਗਏ। ਪਰ ਕੋਬੇ ਦੇ ਮਾਤਾ-ਪਿਤਾ, ਭੈਣਾਂ ਅਤੇ ਸ਼ਾਮਲ ਨਹੀਂ ਸਨ ਹੋਏ। ਉਹ ਚਾਹੁੰਦੇ ਨਹੀਂ ਸਨ ਕਿ ਉਨ੍ਹਾਂ ਦਾ ਪੁੱਤਰ ਕਿਸੇ ਗ਼ੈਰ-ਅਮਰੀਕਨ ਕੁੜੀ ਨਾਲ ਵਿਆਹ ਨਾ ਕਰਵਾਏ। ਕੋਬੇ ਦੀਆਂ ਚਾਰ ਧੀਆਂ ਗਿਯਾਨਾ ਮਾਰੀਆ ਬਰਿਯੈਂਟ, ਓਨੇਰ ਬਰਿਯੈਂਟ, ਨਟਾਲੀਆ ਡਾਇਮੈਂਟਾ ਬਰਿਯੈਂਟ ਅਤੇ ਬਿਆਨਾ ਬੇਲਾ ਬਰਿਯੈਂਟ ਨੇ ਵਨੇਸਾ ਲਾਈਨੇ ਦੀ ਕੁੱਖੋਂ ਜਨਮ ਲਿਆ, ਜਿਨ੍ਹਾਂ ’ਚੋਂ ਗਿਯਾਨਾ ਬਰਿਯੈਂਟ ਦੀ ਪਿਤਾ ਕੋਬੇ ਨਾਲ ਹੈਲੀਕਾਪਟਰ ਹਾਦਸੇ ’ਚ ਮੌਤ ਹੋ ਗਈ। ਪੰਜ ਫੁੱਟ ਦਸ ਇੰਚ ਲੰਮੀ ਬਾਸਕਟਬਾਲਰ ਗਿਯਾਨਾ ਆਪਣੇ ਪਿਤਾ ਕੋਬੇ ਦੇ ਨਕਸ਼ੇ-ਕਦਮ ’ਤੇ ਚੱਲਦਿਆਂ ਸ਼ਾਨਦਾਰ ਖਿਡਾਰਨ ਬਣਨ ਦੇ ਰਾਹ ਪੈ ਗਈ ਸੀ। ਕੋਬੇ ਵਲੋਂ ਗਿਯਾਨਾ ਨੂੰ ਨਿੱਜੀ ਮਾਂਬਾ ਬਾਸਕਟਬਾਲ ਅਕੈਡਮੀ ’ਚ ਟਰੇਂਡ ਕੀਤਾ ਜਾ ਰਿਹਾ ਸੀ। ਕੋਬੇ ਕਿਹਾ ਕਰਦਾ ਸੀ ਕਿ ਬੇਟੀ ਗਿਯਾਨਾ ਦੀ ਇੱਛਾ ਕਾਰਨ ਹੀ ਉਸ ਨੂੰ ਮਾਂਬਾ ਅਕੈਡਮੀ ਦੇ ਕੋਰਟ ’ਚ ਬਾਸਕਟਬਾਲ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਕੋਬੇ ਨੇ ਜਦੋਂ ਗਿਯਾਨਾ ਦਾ ਪਹਿਲਾ ਮੈਚ ਵੇਖਿਆ ਸੀ ਤਾਂ ਉਸ ਨੂੰ ਬਹੁਤ ਮਜ਼ਾ ਆਇਆ ਸੀ। ਕੋਬੇ ਅਨੁਸਾਰ ਗਿਯਾਨਾ ਦੇ ਕਈ ਮੈਚ ਵੇਖੇ ਹਨ, ਜਿਨ੍ਹਾਂ ’ਚ ਉਹ ਚੰਗੀ ਤਰ੍ਹਾਂ ਬਾਸਕਟਾਂ ਪਾਉਂਦੀ ਹੈ। ਕੋਬੇ ਨੇ ਇਕ ਹਫਤੇ ਪਹਿਲਾਂ ਗਿਯਾਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਪੋੋਸਟ ਕੀਤਾ ਸੀ, ਜਿਸ ’ਚ ਗਿਯਾਨਾ ਕੋਰਟ ’ਚ ਬਾਖੂਬੀ ਬਾਲ ਨੂੰ ਬਾਸਕਟ ’ਚ ਪਾ ਰਹੀ ਹੈ। ਗਿਯਾਨਾ ਨੇ ਪਿਤਾ ਕੋਬੇ ਦੇ ਨਿੱਕ ਨਾਮ ‘ਬਲੈਕ ਮਾਂਬਾ’ ਨੂੰ ਆਪਣੀ ਜਰਸੀ ’ਤੇ ਲਿਖਵਾਇਆ ਹੋਇਆ ਸੀ। 13 ਨਵੰਬਰ, 2012 ਨੂੰ ਡੈਟਨੋੋਸੋ ਨਾਂ ਦੇ ਵਿਅਕਤੀ ਦਾ ਟਵਿੱਟਰ ਹੈਂਡਲ ’ਤੇ ਇਕ ਮੈਸੇਜ ਵਾਈਰਲ ਹੋਇਆ ਸੀ, ਜਿਸ ’ਚ ਉਸ ਨੇ ਇਹ ਦਾਅਵਾ ਕੀਤਾ ਸੀ ਕਿ ਮਹਾਨ ਖਿਡਾਰੀ ਕੋਬੇ ਬਰਿਯੈਂਟ ਦੀ ਮੌਤ ਚੌਪਰ ਦੁਰਘਟਨਾ’ਚ ਹੋਵੇਗੀ। 26 ਜਨਵਰੀ, 2020 ’ਚ ਡੈਟਨੋਸੋ ਦੇ ਸੱਚ ਹੋਏ ਇਸ ਟਵੀਟ ਨੂੰ ਉਸ ਸਮੇਂ ਕਈ ਯੂਜ਼ਰਜ਼ ਵਲੋਂ ਸ਼ੇਅਰ ਵੀ ਕੀਤਾ ਗਿਆ ਸੀ।
ਹੁਸਨ ਤੇ ਟੈਨਿਸ ਦੀ ਸੁਪਰ-ਸਟਾਰ ਸ਼ਾਰਾਪੋਵਾ ਨੇ ਲਿਆ ਸੰਨਿਆਸ
26 ਫਰਵਰੀ, 2020 ’ਚ ਟੈਨਿਸ ਕੋਰਟ ਨੂੰ ਬਾਇ-ਬਾਇ ਆਖਣ ਵਾਲੀ ਵਿਸ਼ਵ ਦੀ ਸੁਪਰ-ਸਟਾਰ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਕੋਰਟ ’ਚ ਰੈਕੇਟ ਨਾਲ ਖੇਡ ਪ੍ਰੇਮੀਆਂ ਨੂੰ ਕਾਇਲ ਹੀ ਨਹੀਂ ਕੀਤਾ ਸਗੋਂ ਸੋਹਣੀ-ਸੁਨੱਖੀ ਹੋਣ ਸਦਕਾ ਵੀ ਉਹ ਇਕ ਹੁਸਨਪਰੀ ਵਜੋਂ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਰਹੀ। ਟੈਨਿਸ ਕੋਰਟ ਤੋਂ ਬਾਹਰ ਲੋਕ ਅਜੇ ਤੱਕ ਵੀ ਸ਼ਾਰਾਪੋਵਾ ਦੀ ਤੁਲਨਾ ਦੁਨੀਆ ਦੀਆਂ ਸੁੰਦਰ ਫਿਲਮੀ ਹੀਰੋਇਨਾਂ ਨਾਲ ਕਰਦੇ ਹਨ ਪਰ ਜਦੋਂ ਟੈਨਿਸ ਪੇ੍ਰਮੀ ਸ਼ਾਰਾਪੋਵਾ ਮਾਰੀਆ ਦੀ ਖੇਡ ਦੇ ਨਜ਼ਾਰੇ ਤੱਕਦੇ ਹਨ ਤਾਂ ਉਸ ਨੂੰ ਬੇਮਿਸਾਲ ਸੁਹੱਪਣ ਨਾਲ ਲਬਰੇਜ਼ ਟੈਨਿਸ ਖਿਡਾਰਨ ਦਾ ਦਰਜਾ ਦਿੱਤਾ ਜਾਂਦਾ ਰਿਹਾ।
32 ਸਾਲਾ ਟੈਨਿਸ ਸੁਪਰ-ਸਟਾਰ ਮਾਰੀਆ ਸ਼ਾਰਾਪੋਵਾ ਨੇ ਸੰਨਿਆਸ ਲੈਣ ਤੋਂ ਪਹਿਲਾਂ ਆਪਣੇ ਚਹੇਤਿਆਂ ਨੂੰ ਸੁਨੇਹਾ ਦੇਂਦਾ ਇਕ ਖ਼ਾਸ ਲੇਖ ਲਿਖਿਆ ਹੈ, ਜਿਸ ਦੇ ਕੁੱਝ ਅੰਸ਼ ਪੇਸ਼ੇਨਜ਼ਰ ਹਨ: ਪਿਆਰੀ ਟੈਨਿਸ ਮੈਂ ਤੇਰੇ ਤੋਂ ਸਦਾ ਲਈ ਅਲੱਗ ਹੋ ਰਹੀ ਹਾਂ। ਇਹ ਉਹ ਟੈਨਿਸ ਖੇਡ ਹੈ, ਜਿਸ ਨਾਲ ਮੈਂ ਆਪਣੀ ਜ਼ਿੰਦਗੀ ਦਾ ਹਰ ਪਲ-ਛਿਨ ਚੰਗੀ ਤਰ੍ਹਾਂ ਮਾਣਿਆ ਹੈ। ਮੈਂ ਹੁਣ ਉਸ ਕੋਰਟ ਤੋਂ ਦੂਰ ਹੋਣ ਜਾ ਰਹੀ ਹਾਂ, ਜਿਸ ਨੇ ਮੈਨੂੰ 28 ਸਾਲ ਅਨੇਕਾਂ ਖ਼ੁਸ਼ੀਆਂ ਦੇ ਨਾਲ-ਨਾਲ ਕਦੇ ਹੰਝੂ, ਬੇਸ਼ੁਮਾਰ ਧਨ-ਦੌਲਤ, ਮੇਰੀ ਖੇਡ ਦੀਆਂ ਤਾਰੀਫਾਂ ਅਤੇ ਆਲੋਚਨਾ ਕਰਨ ਵਾਲੇ ਲੱਖਾਂ-ਕਰੋੜਾਂ ਫੈਨਜ਼ ਦਿੱਤੇ ਹਨ। ਕੇਵਲ 17 ਸਾਲ ਦੀ ਉਮਰ ’ਚ ਵਿੰਬਲਡਨ ਟੈਨਿਸ ਮੁਕਾਬਲਾ ਜਿੱਤਣ ਨਾਲ ਮੇਰਾ ਵਿਸ਼ਵਾਸ ਪੱਕਾ ਹੋਇਆ ਪਰ ਮੈਨੂੰ ਇਸ ਜਿੱਤ ਦੇ ਸਹੀ ਅਰਥਾਂ ਦਾ ਅਹਿਸਾਸ ਵੱਡਰੀ ਉਮਰ ’ਚ ਪਤਾ ਲੱਗਿਆ।
ਮਾਰੀਆ ਸ਼ਾਰਾਪੋਵਾ ਆਪਣੀ ਕੈਂਡੀ ਦੀ ਪ੍ਰਸਿੱਧ ਕੰਪਨੀ ‘ਸ਼ੁਗਰਪੋਵਾ’ ਨੂੰ ਬੁਲੰਦੀਆਂ ’ਤੇ ਲਿਜਾਣ ਲਈ ਦਿਨ-ਰਾਤ ਇਕ ਕਰੇਗੀ। ਕੋਰਟ ਨੂੰ ਬਾਇ-ਬਾਇ ਆਖਣ ਤੋਂ ਬਾਅਦ ਵੀ ਸ਼ਾਰਾਪੋਵਾ ਵਲੋਂ ਵੱਡੀਆਂ ਕੰਪਨੀਆਂ ਨਾਲ ਅੰਡੋਰਸਮੈਂਟ ਡੀਲ ਪਹਿਲਾਂ ਦੀ ਤਰ੍ਹਾਂ ਜਾਰੀ ਰੱਖੀ ਜਾਵੇਗੀ। ਰਾਈਟ ਹੈਂਡਿਡ ਖਿਡਾਰਨ ਸ਼ਾਰਾਪੋਵਾ ਨੂੰ ਦੋ ਸਾਲਾ ਡੋਪਿੰਗ ਦਾ ਸੰਤਾਪ ਵੀ ਭੋਗਣਾ ਪਿਆ। ਕੈਰੀਅਰ ’ਚ 36 ਟਾਈਟਲਾਂ ਨੂੰ ਹੱਥ ਮਾਰਨ ਵਾਲੀ ਮਾਰੀਆ ਸ਼ਾਰਾਪੋਵਾ ਨੂੰ ਨਸ਼ੀਲੀਆਂ ਦਵਾਈਆਂ ਦਾ ਸੇਵਨ ਕਰਨ ਸਦਕਾ ‘ਸ਼ਾਰਾਡੋਪਾ’ ਤਕ ਕਿਹਾ ਗਿਆ ਸੀ। ਡੋਪਿੰਗ ਦਾ ਦਾਗ ਹਟਣ ਤੋਂ ਬਾਅਦ ਖੇਡ ਪ੍ਰੇਮੀਆਂ ਨੇ ਮੈਨੂੰ ਉਵੇਂ ਹੀ ਪਿਆਰ ਅਤੇ ਸਤਿਕਾਰ ਦਿੱਤਾ, ਜਿਸ ਤਰ੍ਹਾਂ ਉਹ ਪਹਿਲਾਂ ਦੇਂਦੇ ਸਨ।
22 ਅਗਸਤ, 2005 ’ਚ ਟਾਪ ਨੰਬਰ-1 ਰੈਂਕਿੰਗ ’ਤੇ ਬਿਰਾਜਮਾਨ ਮਾਰੀਆ ਸ਼ਾਰਾਪੋਵਾ 17 ਸਾਲਾ ਉਮਰ ’ਚ ਗਲੋਬਲ ਟੈਨਿਸ ਸਟਾਰ ਨਾਮਜ਼ਦ ਹੋਈ ਸੀ ਜਦੋਂ ਉਸ ਨੇ 2004 ’ਚ ਵਿਬੰਲਡਨ ਦੇ ਫਾਈਨਲ ’ਚ ਅਮਰੀਕਾ ਦੀ ਸੇਰੇਨਾ ਵਿਲੀਅਮਜ਼ ਨੂੰ ਹਰਾਉਣ ’ਚ ਕਾਮਯਾਬੀ ਹਾਸਲ ਕੀਤੀ ਸੀ। ਅਪਰੈਲ-19, 2001 ’ਚ ਆਪਣੇ 14ਵੇਂ ਜਨਮ ਦਿਨ ’ਤੇ ਪ੍ਰੋਫੈਸ਼ਨਲ ਕਰੀਅਰ ’ਚ ਬਰੇਕ ਹਾਸਲ ਕਰਨ ਵਾਲੀ ਸ਼ਾਰਾਪੋਵਾ ਨੂੰ ਵਿਮੈਨ ਟੈਨਿਸ ਐਸੋਸੀਏਸ਼ਨ (ਡਬਲਿਓਟੀਏ) ਪੈਸੇਫਿਕ ਲਾਈਫ ਓਪਨ-2002 ਖੇਡਣ ਦਾ ਮੌਕਾ ਨਸੀਬ ਹੋਇਆ ਪਰ ਉਹ ਅਮਰੀਕਾ ਦੀ ਮੋਨਿਕਾ ਸੇਲਸ ਤੋਂ ਹਾਰ ਗਈ। ਟੈਨਿਸ ਦੇ ਖੇਤਰ ’ਚ ਬਰਾਂਡ ਖਿਡਾਰਨ ਨਾਮਜ਼ਦ ਹੋਣ ਸਦਕਾ ਸ਼ਾਰਾਪੋਵਾ ਮਾਰੀਆ ਲਗਾਤਾਰ 11 ਸਾਲ ਵਿਸ਼ਵ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਖਿਡਾਰਨ ਆਂਕੀ ਗਈ। ਹਰ ਸਾਲ 30 ਮਿਲੀਅਨ ਡਾਲਰ ਕਮਾਉਣ ਵਾਲੀ ਮਾਰੀਆ ਸ਼ਾਰਾਪੋਵਾ ਉਦੋਂ ‘ਯੰਗ ਖਿਡਾਰਨ’ ਨਾਮਜ਼ਦ ਹੋਈ ਜਦੋਂ 14 ਸਾਲ, 9 ਮਹੀਨਾ ਉਮਰ ’ਚ ਉਸ ਨੂੰ ਜੂਨੀਅਰ ਆਸਟਰੇਲੀਅਨ ਓਪਨ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਦਾ ਰੁਤਬਾ ਹਾਸਲ ਹੋਇਆ। ਸਾਲ-2002 ’ਚ ਜੂਨੀਅਰ ਵਿੰਬਲਡਨ ਅਤੇ ਆਸਟਰੇਲੀਅਨ ਓਪਨ ਦੇ ਫਾਈਨਲ ਖੇਡਣ ਵਾਲੀ ਮਾਰੀਆ ਸ਼ਾਰਾਪੋਵਾ ਨੂੰ 2003 ’ਚ ਰਸ਼ੀਅਨ ਟੈਨਿਸ ਕੱਪ ਦੌਰਾਨ ‘ਨਿਊਕਮਰ ਆਫ ਦਿ ਯੀਅਰ’ ਐਵਾਰਡ ਨਾਲ ਸਨਮਾਨਤ ਕੀਤਾ ਗਿਆ। 2003 ’ਚ ਸ਼ਾਰਾਪੋਵਾ ਨੂੰ ਡਬਲਿਓਟੀਏ ਵਲੋਂ ‘ਨਿਊਕਮਰ ਆਫ ਦਿ ਯੀਅਰ’ ਸਨਮਾਨ ਦਿੱਤਾ ਗਿਆ। 2006 ’ਚ ਯੂਐੱਸ ਓਪਨ ਖੇਡਣ ਵਾਲੀ ਮਾਰੀਆ ਸ਼ਾਰਾਪੋਵਾ ਦੋ ਸਾਲ ਡੇਟਿੰਗ ਕਰਨ ਤੋਂ ਬਾਅਦ 2011 ’ਚ ਆਪਣੇ ਤੋਂ ਚਾਰ ਸਾਲਾ ਵੱਡੇ ਮੰਗੇਤਰ ਸਲੋਵੇਨੀਅਨ ਬਾਸਕਟਬਾਲ ਖਿਡਾਰੀ ਸਾਸਾ ਵਾਜਾਕਿਕ ਨਾਲ ਸ਼ਾਦੀ ਦੇ ਬੰਧਨ ’ਚ ਬੱਝ ਗਈ। ਅਮਰੀਕਾ ਐਨਬੀਏ ਦੀ ਲਾਸ ਏਂਜਲਸ ਲੈਕਰਜ਼ ਟੀਮ ’ਚ ਸ਼ੂਟਿੰਗ ਗਾਰਡ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਸਾਸਾ ਵਾਜਾਕਿਕ ਅਤੇ ਸ਼ਾਰਾਪੋਵਾ ਮਾਰੀਆ ਨੇ ਵਿਆਹ ਤੋਂ ਇਕ ਸਾਲ ਬਾਅਦ 2012 ’ਚ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਸਾਸਾ ਦਾ ਸਾਥ ਛੱਡ ਕੇ ਮਾਰੀਆ ਸ਼ਾਰਾਪੋਵਾ ਬਿ੍ਰਟੇਨ ਦੇ ਮਸ਼ਹੂਰ ਕਾਰੋਬਾਰੀ ਅਲੈਕਜੈਂਡਰ ਗਿਲਕੇਸ ਨਾਲ ਪਿਆਰ ਦੀਆਂ ਪੀਘਾਂ ਝੂਟਣ ਲੱਗੀ। ਇਨਾਮਾਂਸਨਮਾਨਾਂ ਪੱਖੋਂ ਵੀ ਮਾਰੀਆ ਸ਼ਾਰਾਪੋਵਾ ਦੀ ਝੋਲੀ ਸਦਾ ਭਰੀ ਰਹੀ ਹੈ। 2004 ’ਚ ‘ਡਬਲਿਓਟੀਏ ਪਲੇਅਰ ਆਫ ਦਿ ਯੀਅਰ’ ਨਾਮਜ਼ਦ ਸ਼ਾਰਾਪੋਵਾ ਨੂੰ 2005 ’ਚ ‘ਡਬਲਿਓਟੀਏ ਮੋਸਟ ਇੰਪਰੂਵਡ ਪਲੇਅਰ ਆਫ ਦਿ ਯੀਅਰ’ ਦਾ ਖਿਤਾਬ ਦਿੱਤਾ ਗਿਆ।
ਸਾਲ-2010 ’ਚ ਮਾਰੀਆ ਸ਼ਾਰਾਪੋਵਾ ਨੂੰ ‘ਡਬਲਿਓਟੀਏ ਫੈਨ ਫੇਬਰਟ ਸਿੰਗਲਜ਼ ਪਲੇਅਰ’, ‘ਡਬਲਿਓਟੀਏ ਹਿਊਮਨਟੇਰੀਅਨ ਪਲੇਅਰ ਆਫ ਦਿ ਯੀਅਰ’ ਅਤੇ ‘ਡਬਲਿਓਟੀਏ ਮੋਸਟ ਫੈਸ਼ਨੇਬਲ ਪਲੇਅਰ ਇਨ ਕੋਰਟ ਅਤੇ ਆਫ ਕੋਰਟ’ ਦੇ ਸਨਮਾਨ ਨਾਲ ਨਿਵਾਜਿਆ ਗਿਆ।
ਮੈਸੀ ਨੇ ਤੋੜਿਆ ਪੇਲੇ ਦਾ ਰਿਕਾਰਡ
ਅਰਜਨਟੀਨੀ ਸੌਕਰ ਟੀਮ ਦੇ ਕਪਤਾਨ ਅਤੇ ਬਾਰਸੀਲੋਨਾ ਐੱਫਸੀ ਦੇ ਤੂਫ਼ਾਨੀ ਸਟਰਾਈਕਰ ਲਾਇਨਲ ਮੈਸੀ ਨੇ ਪ੍ਰੋਫੈਸ਼ਨਲ ਪੱਧਰ ’ਤੇ ਕਲੱਬ ਕਰੀਅਰ ’ਚ 644ਵਾਂ ਗੋਲ ਕਰ ਕੇ ਦੁਨੀਆ ਦੇ ਮਹਾਨ ਖਿਡਾਰੀ ਪੇਲੇ ਦਾ ਰਿਕਾਰਡ ਬਰੇਕ ਕੀਤਾ ਹੈ। ਪੇਸ਼ੇਵਾਰਾਨਾ ਕਰੀਅਰ ’ਚ ਪੇਲੇ ਵਲੋਂ ਬਣਾਏ ਰਿਕਾਰਡ ਨੂੰ ਤੋੜਨ ਵਾਲੇ ਮੈਸੀ ਦੇ ਨਾਮ ਤੋਂ ਸੰਸਾਰ ’ਚ ਉਹ ਲੋਕ ਵੀ ਵਾਕਿਫ ਹਨ, ਜਿਨ੍ਹਾਂ ਦਾ ਫੁੱਟਬਾਲ ਖੇਡ ਨਾਲ ਦੂਰ ਤਕ ਦਾ ਵਾਸਤਾ ਨਹੀਂ ਹੈ। 18 ਸਾਲ ਦੀ ਨਿਆਣੀ ਉਮਰ ’ਚ ਅਰਜਨਟੀਨਾ ਦੀ ਸੀਨੀਅਰ ਕੌਮੀ ਫੁੱਟਬਾਲ ਟੀਮ ’ਚ ਸ਼ਾਮਲ ਹੋਏ ਮੈਸੀ ਆਪਣੇ ਚਹੇਤੇ ਬਾਰਸੀਲੋਨਾ ਫੁੱਟਬਾਲ ਕਲੱਬ ਦੀ ਸੌਕਰ ਟੀਮ ਨਾਲ ਮੈਦਾਨ ’ਚ ਨਿੱਤਰਦੇ ਹਨ।
ਵਿਆਹਿਆ ਗਿਆ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ
ਕੌਮੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ 17 ਦਸੰਬਰ, 2020 ’ਚ ਆਪਣੀ ਮਲੇਸ਼ੀਅਨ ਮਿੱਤਰ ਕੁੜੀ ਨਜਵਾ ਸਦਿੱਕੀ ਨਾਲ ਵਿਆਹ ਕਰਵਾ ਲਿਆ ਹੈ। ਮਲੇਸ਼ੀਆ ’ਚ ਪੱਕੇ ਤੌਰ ’ਤੇ ਵਸੀ ਪਾਕਿਸਤਾਨੀ ਮੂਲ ਦੀ ਸਦਿੱਕੀ ਨਜਵਾ ਅਤੇ ਮਨਪ੍ਰੀਤ ਸਿੰਘ ਸਾਲ-2013 ਤੋਂ ਇਕ-ਦੂਜੇ ਨੂੰ ਡੇਟਿੰਗ ਕਰ ਰਹੇ ਸਨ। ਦੋਹਾਂ ਦਰਮਿਆਨ ਪਹਿਲੀ ਮੁਲਾਕਾਤ ਵੀ ਸੁਲਤਾਨ ਜੋਹੋਰ ਜੂਨੀਅਰ ਹਾਕੀ ਕੱਪ ਦੌਰਾਨ ਹੋਈ ਸੀ। ਉਸ ਸਮੇਂ ਮਨਪ੍ਰੀਤ ਸਿੰਘ ਪਵਾਰ ਮਲੇਸ਼ੀਆ ਖੇਡਣ ਗਈ ਜੂਨੀਅਰ ਇੰਡੀਅਨ ਹਾਕੀ ਟੀਮ ਦੇ ਦਸਤੇ ’ਚ ਸ਼ਾਮਲ ਸੀ। ਜ਼ਿਲ੍ਹਾ ਜਲੰਧਰ ’ਚ ਪੈਂਦੇ ਮਨਪ੍ਰੀਤ ਸਿੰਘ ਦੇ ਪਿੰਡ ਮਿੱਠਾਪੁਰ ’ਚ ਵਿਆਹ ਸਿੱਖੀ ਰਹਿਤ ਮਰਿਆਦਾ ਨਾਲ ਸੰਪੰਨ ਹੋਇਆ, ਜਿਸ ’ਚ ਦੁਲਹਨ ਸਦਿੱਕੀ ਦੇ ਪਰਿਵਾਰਕ ਮੈਂਬਰ ਸ਼ਾਮਲ ਨਹੀਂ ਹੋਏ। ਕੋਵਿਡ-19 ਦੀ ਮਹਾਮਾਰੀ ਕਾਰਨ ਵਿਆਹ ’ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗਿਣਤੀ ਦੇ ਕੁਝ ਖ਼ਾਸ ਮਹਿਮਾਨ ਹੀ ਸ਼ਾਮਲ ਸਨ। ਵਿਸ਼ਵ ਹਾਕੀ ਦੇ ਆਕਾਸ਼ ’ਤੇ ਪੈਰ ਰੱਖਣ ਵਾਲੇ ਹਾਕੀ ਓਲੰਪੀਅਨ ਮਨਪ੍ਰੀਤ ਸਿੰਘ ਪਵਾਰ ਵਲੋਂ ਸੰਸਾਰ ਹਾਕੀ ਨੂੰ ਦਿੱਤੀਆਂ ਜਾ ਰਹੀਆਂ ਵੱਡਮੁੱਲੀਆਂ ਸੇਵਾਵਾਂ ਸਦਕਾ ਅੱੈਫਆਈਅੱੈਚ ਭਾਵ (ਫੈਡਰੇਸ਼ਨ ਆਫ ਕੌਮਾਂਤਰੀ ਹਾਕੀ) ਵਲੋਂ ‘ਐੱਫਆਈਐੱਚ ਸਟਾਰ ਪਲੇਅਰ ਆਫ ਯੀਅਰ-2019 ਐਵਾਰਡ’ ਦਿੱਤਾ ਗਿਆ ਹੈ। ਸੁਰਜੀਤ ਹਾਕੀ ਅਕਾਡਮੀ ’ਚ ਟਰੇਨਿੰਗ ਦੌਰਾਨ ਮਨਪ੍ਰੀਤ ਸਿੰਘ ਨੂੰ ਜੂਨੀਅਰ ਕੌਮੀ ਹਾਕੀ ਟੀਮ ’ਚ ਬਰੇਕ ਨਸੀਬ ਹੋਈ। ਸਾਲ-2011 ’ਚ ਕੌਮੀ ਹਾਕੀ ਟੀਮ ਨਾਲ ਕੌਮਾਂਤਰੀ ਪਾਰੀ ਦਾ ਆਗਾਜ਼ ਕਰਨ ਵਾਲੇ ਮਨਪ੍ਰੀਤ ਸਿੰਘ ਨੂੰ ਕਪਤਾਨ ਸਰਦਾਰ ਸਿੰਘ ਦੀ ਕਪਤਾਨੀ ’ਚ ਲੰਡਨ-2012 ਅਤੇ ਕੌਮੀ ਟੀਮ ਦੇ ਗੋਲਚੀ ਸ੍ਰੀਜੇਸ਼ ਦੀ ਅਗਵਾਈ ’ਚ ਰੀਓ-2014 ਓਲੰਪਿਕ ਹਾਕੀ ਖੇਡਣ ਦਾ ਹੱਕ ਹਾਸਲ ਹੋਇਆ। ਵਿਸ਼ਵ ਦੇ ਮਹਾਨ ਸੈਂਟਰ ਹਾਫ ਸਰਦਾਰ ਸਿੰਘ ਦੀ ਕਮਾਨ ’ਚ ਮਨਪ੍ਰੀਤ ਕਰੀਅਰ ਦਾ ਪਹਿਲਾ ਵਿਸ਼ਵ ਹਾਕੀ ਕੱਪ ਹੇਗ-2014 ਖੇਡਿਆ, ਜਿਸ ’ਚ ਟੀਮ ਨੂੰ 9ਵਾਂ ਰੈਂਕ ਹਾਸਲ ਹੋਇਆ। ਆਪਣੀ ਮੇਜ਼ਬਾਨੀ ’ਚ ਭੁਬਨੇਸ਼ਵਰ-2018 ਦੇ ਵਿਸ਼ਵ ਹਾਕੀ ਕੱਪ ਖੇਡਣ ਵਾਲੀ ਘਰੇਲੂ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਸਿੰਘ ਦੇ ਹੱਥਾਂ ’ਚ ਸੀ। ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ‘ਜੂਨੀਅਰ ਪਲੇਅਰ ਆਫ ਦਿ ਯੀਅਰ-2014 ਖਿਤਾਬ’ ਹਾਸਲ ਕਰਨ ਵਾਲੇ ਮਨਪ੍ਰੀਤ ਸਿੰਘ ਪਵਾਰ ਨੇ ਜਿੱਥੇ ਨਵੀਂ ਦਿੱਲੀ-2010 ਅਤੇ ਗਲਾਸਗੋ-2014 ਕਾਮਨਵੈਲਥ ਹਾਕੀ ’ਚ ਸਿਲਵਰ ਮੈਡਲ ਜੇਤੂ ਟੀਮਾਂ ਦੀ ਨੁਮਾਇੰਦਗੀ ਕੀਤੀ ਉੱਥੇ ਦੱਖਣੀ ਕੋਰੀਆ ਦੇ ਸ਼ਹਿਰ ਇੰਚਿਓਨ-2014 ਏਸ਼ੀਅਨ ਗੇਮਜ਼ ’ਚ ਗੋਲਡ ਮੈਡਲ ਅਤੇ ਇੰਡੋਨੇਸੀਆ ਦੀ ਰਾਜਧਾਨੀ ਜਕਾਰਤਾ-2018 ਦੀਆਂ ਏਸ਼ਿਆਈ ਖੇਡਾਂ ’ਚ ਤਾਂਬੇ ਦਾ ਮੈਡਲ ਜੇਤੂ ਟੀਮਾਂ ਨਾਲ ਵੀ ਮਨਪ੍ਰੀਤ ਨੇ ਹਾਕੀ ਮੈਦਾਨ ’ਚ ਆਪਣੀ ਖੇਡ ਦੀ ਅਲੱਗ ਛਾਪ ਛੱਡੀ ਹੈ। ਭਾਰਤ ਸਰਕਾਰ ਵਲੋਂ ਸਾਲ-2018 ’ਚ ਹਾਕੀ ’ਚ ਸਿਖਰਲਾ ਮੁਕਾਮ ਹਾਸਲ ਕਰਨ ਵਾਲੇ ਮਨਪ੍ਰੀਤ ਪਵਾਰ ਨੂੰ ਖੇਡਾਂ ਦੇ ਸਰਵਉੱਚ ਸਨਮਾਨ ‘ਅਰਜੁਨ ਐਵਾਰਡ’ ਨਾਲ ਨਿਵਾਜਿਆ ਗਿਆ। ਮਨਪ੍ਰੀਤ ਸਿੰਘ ਪਵਾਰ ਨੂੰ ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ਲੰਡਨ-2016 ਅਤੇ ਹਾਲੈਂਡ-2018 ’ਚ ਦੋਵੇਂ ਵਾਰ ਚਾਂਦੀ ਦੇ ਮੈਡਲ ਨਾਲ ਹੱਥ ਮਿਲਾਉਣ ਵਾਲੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਨਸੀਬ ਹੋਇਆ। ਕੌਮਾਂਤਰੀ ਹਾਕੀ ਮੈਚਾਂ ’ਚ 19 ਗੋਲ ਆਪਣੇ ਖਾਤੇ ’ਚ ਜਮ੍ਹਾਂ ਕਰ ਚੁੱਕੇ ਮਨਪ੍ਰੀਤ ਸਿੰਘ ਨੂੰ ਮਲੇਸ਼ੀਆ-2013 ਏਸ਼ੀਆ ਹਾਕੀ ਕੱਪ ’ਚ ਸਿਲਵਰ ਮੈਡਲ ਅਤੇ ਵਰਲਡ ਹਾਕੀ ਲੀਗ-2017 ’ਚ ਤਾਂਬੇ ਦਾ ਤਗਮਾ ਹਾਸਲ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ।ਪਹਿਲੀ ਵਾਰ ਸਮੇਂ ਸਿਰ ਨਹੀਂ ਹੋਈਆਂ ਓਲੰਪਿਕ ਖੇਡਾਂ
ਏਥਨਜ਼-1896 ਤੋਂ ਓਲੰਪਿਕ ਖੇਡਾਂ ਦੇ ਆਗਾਜ਼ ਤੋਂ ਬਾਅਦ ਕੋਵਿਡ-19 ਕਾਰਨ ਟੋਕੀਓ-2020 ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਹੁਣ ਇਸ ਸਾਲ 23 ਜੁਲਾਈ ਤੋਂ 8 ਅਗਸਤ ਤਕ 206 ਦੇਸ਼ਾਂ ਦੇ 11091 ਖਿਡਾਰੀਆਂ ਦਰਮਿਆਨ ਖੇਡੀਆਂ ਜਾਣਗੀਆਂ। ਟੋਕੀਓ ਓਲੰਪਿਕ ’ਚ 33 ਖੇਡ ਵੰਨਗੀਆਂ ਦੇ ਵੱਖ-ਵੱਖ ਖੇਡਾਂ ਦੇ 339 ਈਵੈਂਟਾਂ ’ਚ ਖਿਡਾਰੀਆਂ ਦਰਮਿਆਨ ਸੋਨੇ, ਚਾਂਦੀ ਤੇ ਤਾਂਬੇ ਦੇ ਤਗਮੇ ਜਿੱਤਣ ਲਈ ਜ਼ੋਰ-ਅਜ਼ਮਾਈ ਹੋਵੇਗੀ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਵਿਡ-19 ਕਾਰਨ ਓਲੰਪਿਕ ਖੇਡਾਂ ਨੂੰ ਇਕ ਸਾਲ ਅੱਗੇ ਪਾਇਆ ਗਿਆ ਹੈ। ਇਸ ਤੋਂ ਪਹਿਲਾਂ 1940 ਤੇ 1944 ਦੀਆਂ ਦੋ ਓਲੰਪਿਕ ਟੂਰਨਾਮੈਂਟ ਦੂਜੇ ਸੰਸਾਰ ਜੰਗ ਦੀ ਭੇਟ ਚੜ੍ਹ ਗਏ ਸਨ। ਏਥਨਜ਼-1896 ਦੀਆਂ ਪਲੇਠੀਆਂ ਓਲੰਪਿਕ ਖੇਡਾਂ ਦਾ ਐਲਾਨਨਾਮਾ ਫਰਾਂਸ ਦੇ ਬੈਰਨ ਪਿਅਰੇ ਡੀ ਕੌਬਰਟਿਨ ਵਲੋਂ 1892 ’ਚ ਹੱਥ ਨਾਲ ਲਿਖਿਆ ਗਿਆ ਸੀ। ਬੈਰਨ ਪਿਅਰੇ ਡੀ ਕੌਬਰਟਿਨ ਵਲੋਂ ਪੈਰਿਸ ’ਚ ਦਿੱਤੇ ਗਏ 14 ਸਫ਼ਿਆਂ ਦੇ ਭਾਸ਼ਨ ਨੂੰ ਇਕ ਘੋਸ਼ਣਾ-ਪੱਤਰ ਦੇ ਰੂਪ ਵਜੋਂ ਸਾਂਭ ਕੇ ਰੱਖਿਆ ਗਿਆ ਹੈ। ਓਲੰਪਿਕ ਖੇਡਾਂ ਦਾ ਖਰੜਾ ਤਿਆਰ ਕਰਨ ਵਾਲੇ ਪਿਏਰੇ ਡੀ ਕੁਤਬਟਿਨ ਨੂੰ ਆਧੁਨਿਕ ਓਲੰਪਿਕ ਖੇਡਾਂ ਦਾ ਜਨਮਦਾਤਾ ਕਿਹਾ ਜਾਂਦਾ ਹੈ। ਬੈਰਨ ਪਿਅਰੇ ਡੀ ਕੌਬਰਟਿਨ ਵਲੋਂ 1894 ’ਚ ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈਓਸੀ) ਦੀ ਸਥਾਪਨਾ ਕੀਤੀ ਗਈ ਸੀ। ਆਈਓਸੀ ਦੀ ਸਥਾਪਨਾ ਤੋਂ ਬਾਅਦ ਦੋ ਸਾਲ ਬਾਅਦ ਫਰਾਂਸੀਸੀ ਬੈਰਨ ਪਿਅਰੇ ਡੀ ਕੌਬਰਟਿਨ ਦੀ ਪਹਿਲਕਦਮੀ ਸਦਕਾ ਪਹਿਲੀਆਂ ਓਲੰਪਿਕ ਖੇਡਾਂ ਏਥਨਜ਼ ’ਚ ਖੇਡੀਆਂ ਗਈਆਂ ਸਨ।

Related posts

ਮਿੱਠੀਆਂ ਯਾਦਾਂ ਛੱਡਦਾ ਯੂਰਪੀ ਕਬੱਡੀ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਇਟਲੀ ਦੀ ਧਰਤੀ ‘ਤੇ ਹੋਇਆ ਸਮਾਪਤ

On Punjab

ਹਾਕੀ ਇੰਡੀਆ ਨੇ ਕੋਰੋਨਾ ਖਿਲਾਫ ਯੁੱਧ ‘ਚ ਦਿੱਤਾ 1 ਕਰੋੜ ਦਾ ਯੋਗਦਾਨ

On Punjab

ਟੈਸਟ ਮੈਚ ‘ਚ ਮਿਅੰਕ ਅਤੇ ਰੋਹਿਤ ਨੇ ਬਣਾਇਆ ਨਵਾਂ ਰਿਕਾਰਡ

On Punjab